ਨਵੀਂ ਦਿੱਲੀ: ਪੁਲਮਾਵਾ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਨੂੰ ਅਮਰੀਕਾ ਨੇ ਅੱਜ ਇੱਕ ਵਾਰ ਫੇਰ ਸਖ਼ਤ ਲਹਿਜ਼ੇ ‘ਚ ਕਿਹਾ ਹੈ ਕਿ ਉਹ ਆਪਣੇ ਇੱਥੇ ਮੌਜੂਦ ਅੱਤਵਾਦੀਆਂ ਖਿਲਾਫ ਕਾਰਵਾਈ ਕਰੇ। ਅਮਰੀਕਾ ਨੇ ਪਾਕਿਸਤਾਨ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਹੁਣ ਭਾਰਤ ‘ਚ ਅੱਤਵਾਦੀ ਹਮਲਾ ਹੋਇਆ ਤਾਂ ਇਹ ਪਾਕਿਸਤਾਨ ਲਈ ਵੱਡੀ ਮੁਸ਼ਕਿਲ ਹੋਵੇਗੀ।

ਵ੍ਹਾਈਟ ਹਾਉਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, “ਪਾਕਿਸਤਾਨ ਨੂੰ ਅੱਤਵਾਦੀ ਸੰਗਠਨਾਂ ਖਾਸ ਕਰ ਜੈਸ਼-ਏ-ਮੁਹਮੰਦ ਅਤੇ ਲਸ਼ਕਰ-ਏ-ਤੋਇਬਾ ਖ਼ਿਲਾਫ਼ ਸਖ਼ਤ ਅਤੇ ਲਗਾਤਾਰ ਕਾਰਵਾਈ ਕਰਨ ਦੀ ਲੋੜ ਹੈ।

ਉਨ੍ਹਾਂ ਕਿਹਾ, “ਜੇਕਰ ਪਾਕਿਸਤਾਨ ਅੱਤਵਾਦੀਆਂ ‘ਤੇ ਕਾਰਵਾਈ ਨਹੀਂ ਕਰਦਾ ਅਤੇ ਭਾਰਤ ‘ਤੇ ਹੁਣ ਇੱਕ ਵੀ ਹਮਲਾ ਹੁੰਦਾ ਹੈ ਤਾਂ ਪਾਕਿਸਤਾਨ ਦੇ ਲਈ ਇਹ ਵੱਡੀ ਮੁਸ਼ਕਿਲ ਹੋ ਜਾਵੇਗੀ। ਜੋ ਇਨ੍ਹਾਂ ਦੋਵਾਂ ਦੇਸ਼ਾਂ ‘ਚ ਤਣਾਅ ਦੀ ਵਜ੍ਹਾ ਬਣੇਗਾ ੳਤੇ ਦੋਵਾਂ ਦੇਸ਼ਾਂ ਲਈ ਖ਼ਤਰਨਾਕ ਵੀ ਹੋਵੇਗਾ।”

ਬਾਲਾਕੋਟ ‘ਚ ਭਾਰਤੀ ਹਵਾਈ ਸੈਨਾ ਦੀ ਕਾਰਵਾਈ ‘ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਅੰਤਰਾਸ਼ਟਰੀ ਸੰਗਠਨ ਦੇਖਣਾ ਚਾਹੁੰਦਾ ਹੈ ਕਿ ਅੱਤਵਾਦੀ ਸੰਗਠਨਾਂ ਖਿਲਾਫ ਸਖ਼ਤ ਅਤੇ ਨਿਆਂਇਕ ਕਾਰਵਾਈ ਹੋਵੇ। ਨਾਲ ਹੀ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਕਦਮਾਂ ਤੋਂ ਇਲਾਵਾ ਅਜੇ ਪਾਕਿਸਤਾਨ ਵੱਲੋਂ ਕਾਫੀ ਕੁਝ ਕੀਤੇ ਜਾਣ ਦੀ ਲੋੜ ਹੈ।