ਵਾਸ਼ਿੰਗਟਨ: ਅਮਰੀਕਾ ਨੇ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਉਹ ਇਰਾਨ 'ਤੇ ਹਮਲੇ ਲਈ ਕਿਸੇ ਜਲਦਬਾਜ਼ੀ ਵਿੱਚ ਨਹੀਂ ਹੈ। ਦਰਅਸਲ ਵੀਰਵਾਰ ਰਾਤ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ 'ਤੇ ਹਮਲੇ ਦਾ ਹੁਕਮ ਦਿੱਤਾ ਸੀ ਪਰ ਹੁਣ ਇਸ ਫੈਸਲੇ ਨੂੰ ਵਾਪਸ ਲੈ ਲਿਆ ਹੈ। ਮੀਡੀਆ ਵਿੱਚ ਖ਼ਬਰਾਂ ਆ ਰਹੀਆਂ ਸੀ ਕਿ ਟਰੰਪ ਨੇ ਇਰਾਨ ਦੇ ਸੁਪਰੀਮ ਲੀਡਰ ਨਾਲ ਗੱਲਬਾਤ ਕਰਨ ਦੀ ਪੇਸ਼ਕਸ਼ ਰੱਖੀ ਹੈ। ਹਾਲਾਂਕਿ ਸ਼ੁੱਕਰਵਾਰ ਰਾਤ ਨੂੰ ਟਰੰਪ ਨੇ ਲੜੀਵਾਰ ਟਵੀਟ ਕਰਦਿਆਂ ਦੁਨੀਆ ਨੂੰ ਦੱਸਿਆ ਕਿ ਆਖ਼ਰ ਉਨ੍ਹਾਂ ਹਮਲੇ ਦਾ ਹੁਕਮ ਵਾਪਿਸ ਕਿਉਂ ਲੈ ਲਿਆ।

ਟਰੰਪ ਨੇ ਕਿਹਾ ਕਿ ਉਹ ਇਰਾਨ 'ਤੇ ਬੰਬ ਸੁੱਟਣ ਲਈ ਕਾਹਲਾ ਨਹੀਂ। ਉਨ੍ਹਾਂ ਦੱਸਿਆ ਕਿ ਅਮਰੀਕੀ ਫੌਜਾਂ ਨੇ ਟਾਰਗੇਟ ਸੈਟ ਕਰਕੇ ਹਥਿਆਰ ਲੋਡ ਕਰ ਲਿਆ ਸੀ ਪਰ ਵੱਡੀ ਗਿਣਤੀ ਲੋਕਾਂ ਦੀ ਜਾਨ ਜਾਣ ਤੋਂ ਬਚਾਉਣ ਲਈ ਉਨ੍ਹਾਂ ਆਖ਼ਰੀ ਮਿੰਟਾਂ ਵਿੱਚ ਫੈਸਲਾ ਵਾਪਸ ਲੈ ਲਿਆ। ਵੀਰਵਾਰ ਰਾਤ ਆਪਣੇ ਫੈਸਲੇ ਬਾਰੇ ਟਰੰਪ ਨੇ ਲਿਖਿਆ, 'ਬੀਤੀ ਰਾਤ ਅਸੀਂ 3 ਵੱਖ-ਵੱਖ ਥਾਈਂ ਹਮਲਿਆਂ ਲਈ ਤਿਆਰ ਸੀ। ਜਦੋਂ ਮੈਂ ਪੁੱਛਿਆ ਕਿ ਕਿੰਨੇ ਲੋਕਾਂ ਦੀ ਮੌਤ ਹੋਏਗੀ ਤਾਂ ਇੱਕ ਜਨਰਲ ਨੇ ਜਵਾਬ ਦਿੱਤਾ, ਸਰ, 150 ਲੋਕ।'



ਇਹ ਜਾਣ ਕੇ ਟਰੰਪ ਨੇ ਹਮਲੇ ਤੋਂ 10 ਮਿੰਟ ਪਹਿਲਾਂ ਇਸ ਨੂੰ ਰੋਕ ਦਿੱਤਾ। ਉਨ੍ਹਾਂ ਕਿਹਾ ਕਿ ਸਾਡੀ ਫੌਜ ਨਵੀਂ, ਮਜ਼ਬੂਤ ਤੇ ਦੁਨੀਆ ਵਿੱਚ ਸਭ ਤੋਂ ਉੱਤਮ ਹੈ। ਉਨ੍ਹਾਂ ਸਖ਼ਤ ਸੰਦੇਸ਼ ਦਿੰਦਿਆਂ ਕਿਹਾ ਕਿ ਇਰਾਨ ਕਦੇ ਵੀ ਪਰਮਾਣੂ ਹਥਿਆਰ ਹਾਸਲ ਨਹੀਂ ਕਰ ਸਕਦਾ, ਨਾ ਤਾਂ ਅਮਰੀਕਾ ਦੇ ਖ਼ਿਲਾਫ਼ ਤੇ ਨਾ ਹੀ ਦੁਨੀਆ ਦੇ ਖ਼ਿਲਾਫ਼।

ਦੱਸ ਦੇਈਏ ਇਰਾਨ ਨੇ ਅਮਰੀਕਾ ਦੇ ਇੱਕ ਸਕਤੀਸ਼ਾਲੀ ਡ੍ਰੋਨ ਨੂੰ ਡੇਗ ਦਿੱਤਾ ਤੇ ਕਿਹਾ ਕਿ ਇਹ ਉਸ ਦੇ ਹਵਾਈ ਖੇਤਰ ਵਿੱਚ ਵੜ ਆਇਆ ਸੀ। ਹਾਲਾਂਕਿ ਅਮਰੀਕਾ ਨੇ ਕਿਹਾ ਹੈ ਕਿ ਡ੍ਰੋਨ ਕੌਮਾਂਤਰੀ ਹਵਾਈ ਖੇਤਰ ਵਿੱਚ ਸੀ। ਇਸ ਦੇ ਬਾਅਦ ਕਈ ਕੌਮਾਂਤਰੀ ਹਵਾਈ ਉਡਾਣਾਂ ਦੇ ਰਾਹ ਬਦਲ ਦਿੱਤੇ ਗਏ ਸੀ। ਦਰਅਸਲ ਇਰਾਨ ਦੇ ਅਸਮਾਨ ਤੋਂ ਹੋ ਕੇ ਗੁਜ਼ਰਨ ਵਾਲੀਆਂ ਅਮਰੀਕੀ ਤੇ ਹੋਰ ਦੇਸ਼ਾਂ ਦੀਆਂ ਉਡਾਣਾਂ ਨੂੰ ਡਰ ਹੈ ਕਿ ਖੇਤਰ ਵਿੱਚ ਜੰਗ ਛਿੜ ਸਕਦੀ ਹੈ।