ਮੁੰਬਈ: ਅਮਰੀਕਾ ਦੇ ਐਰੀਜੋਨਾ ਸਥਿਤ ਵਿਕੇਨਬਰਗ ‘ਚ ਹਾਦਸੇ ਤੋਂ ਬਾਅਦ 50 ਫੁਟ ਡੂੰਘੀ ਖਾਈ ‘ਚ 6 ਦਿਨ ਤੱਕ ਇੱਕ ਦਰਖ਼ਤ ਨਾਲ ਲਟਕੀ ਔਰਤ ਨੂੰ ਸੁਰੱਖਿਅਤ ਬਚਾ ਲਿਆ ਗਿਆ। ਡੀਪੀਐਸ ਦੀ ਰਿਪੋਰਟ ਮੁਤਾਬਕ 12 ਅਕਤੂਬਰ ਨੂੰ 53 ਸਾਲ ਦੀ ਔਰਤ ਦੀ ਕਾਰ ਤਿਲਕਦੀ ਹੋਈ ਰੁੱਖ ਨਾਲ ਟੱਕਰਾ ਗਈ। ਇਸ ਤੋਂ ਬਾਅਦ ਕਾਰ ‘ਚ ਬੈਠੀ ਔਰਤ ਕਈ ਦਿਨਾਂ ਤਕ ਰੁੱਖ ਨਾਲ ਲਟਕੀ ਰਹੀ।
ਔਰਤ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਕਈ ਦਿਨਾਂ ਤੋਂ ਕਾਰ ‘ਚ ਸੀ। ਜਦੋਂ ਉਸ ਨੂੰ ਲੱਗਿਆ ਕਿ ਕੋਈ ਉਸ ਨੂੰ ਬਚਾਉਣ ਨਹੀਂ ਆਉਣ ਵਾਲਾ ਤਾਂ ਉਸ ਨੇ ਆਪ ਹੀ ਕਾਰ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਉਹ ਕਾਰ ਵਿੱਚੋਂ ਨਿਕਲੀ ਤੇ ਪੈਦਲ ਤੁਰਦੀ ਰਹੀ। ਕੁਝ ਦੇਰ ਤੁਰਨ ਤੋਂ ਬਾਅਦ ਉਸ ਨੂੰ ਰੇਲ ਦੀ ਪਟੜੀਆਂ ਨਜ਼ਰ ਆਈਆਂ।
ਔਰਤ ਨੇ ਅੱਗੇ ਕਿਹਾ ਕਿ ਉਸ ਨੂੰ ਉਮੀਦ ਸੀ ਕਿ ਕੋਈ ਉਸ ਨੂੰ ਦੇਖ ਲਵੇਗਾ। ਉਹ ਜ਼ਿਆਦਾ ਨਹੀਂ ਤੁਰ ਪਾ ਰਹੀ ਸੀ ਕਿਉਂਕਿ ਉਸ ਦੇ ਪੈਰ ‘ਤੇ ਸੱਟ ਲੱਗੀ ਸੀ। ਫੇਰ ਨੇੜੇ ਖੇਤਾਂ ‘ਚ ਕੰਮ ਕਰ ਰਹੇ ਵਿਅਕਤੀ ਨੇ ਉਸ ਨੂੰ ਦੇਖਿਆ ਤੇ ਉਸ ਨੇ ਅਧਿਕਾਰੀਆਂ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ।
ਇਸ ਤੋਂ ਬਾਅਦ ਐਮਰਜੈਂਸੀ ਟੀਮਾਂ ਨੇ ਕਾਰ ਵਿੱਚੋਂ ਨਿਕਲੀ ਔਰਤ ਦੀ ਭਾਲ ਕੀਤੀ ਤੇ ਏਅਰ ਐਂਬੂਲੈਂਸ ਰਾਹੀਂ ਉਸ ਨੂੰ ਹਸਪਤਾਲ ਪਹੁੰਚਾਇਆ। ਅਧਿਕਾਰੀਆਂ ਨੇ ਔਰਤ ਦੀ ਪਛਾਣ ਨਹੀਂ ਕੀਤੀ ਤੇ ਨਾ ਹੀ ਉਸ ਨਾਲ ਹੋਏ ਐਕਸੀਡੈਂਟ ਬਾਰੇ ਕੋਈ ਖੁਲਾਸਾ ਕੀਤਾ ਹੈ।