ਵਾਸ਼ਿੰਗਟਨ: ਅਮਰੀਕਾ ਭਾਰਤ ਵਿੱਚ ਛੇ ਪਰਮਾਣੂ ਪਲਾਂਟ ਲਾਉਣ ਲਈ ਸਹਿਮਤ ਹੋ ਗਿਆ ਹੈ। ਭਾਰਤ-ਅਮਰੀਕੀ ਰਣਨੀਤਕ ਸੁਰੱਖਿਆ ਸਮਝੌਤੇ ਤਹਿਤ ਨੌਂਵੇਂ ਦੌਰ ਦੀ ਗੱਲਬਾਤ ਦੌਰਾਨ ਦੋਵੇਂ ਦੇਸ਼ਾਂ ਨੇ ਸਾਂਝੇ ਤੌਰ 'ਤੇ ਬਿਆਨ ਜਾਰੀ ਕੀਤਾ ਹੈ। ਭਾਰਤ ਵੱਲੋਂ ਵਿਦੇਸ਼ ਸਕੱਤਰ ਵਿਜੈ ਗੋਖਲੇ ਤੇ ਅਮਰੀਕੀ ਮੰਤਰੀ ਐਂਡਰੀਆ ਥਾਂਪਸਨ ਨੇ ਬੈਠਕ ਵਿੱਚ ਹਿੱਸਾ ਲਿਆ।
ਸੂਤਰਾਂ ਦਾ ਰਹਿਣਾ ਹੈ ਕਿ ਅਮਰੀਕੀ ਸਹਿਯੋਗ ਨਾਲ ਲੱਗਣ ਵਾਲੇ ਇਨ੍ਹਾਂ ਛੇ ਪਰਮਾਣੂ ਪਲਾਂਟ ਸਥਾਪਤ ਹੋਣ ਮਗਰੋਂ ਊਰਜਾ ਉਤਪਾਦਨ ਲੋੜ ਤੋਂ ਵੱਧ ਭਾਵ ਸਰਪਲੱਸ ਹੋਵੇਗੀ। ਇਸ ਦੇ ਨਾਲ ਹੀ ਇਸ ਨਾਲ ਨਵਿਆਉਣਯੋਗ ਊਰਜਾ 'ਤੇ ਨਿਰਭਰਤਾ ਵੀ ਘਟੇਗੀ। ਇਸ ਸਮੇਂ ਭਾਰਤ ਕੋਲ ਸੱਤ ਪਰਮਾਣੂ ਪਲਾਂਟ ਹਨ, ਜਿਨ੍ਹਾਂ ਦੀ ਕੁੱਲ ਸਮਰੱਥਾ 6780 ਮੈਗਾਵਾਟ ਹੈ।
18 ਜੁਲਾਈ, 2006 ਨੂੰ ਭਾਰਤ ਤੇ ਅਮਰੀਕਾ ਦਰਮਿਆਨ ਪਰਮਾਣੂ ਸਮਝੌਤਾ ਹੋਇਆ ਸੀ। ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਅਮਰੀਕੀ ਰਾਸ਼ਟਰਪਤੀ ਜਾਰਜ ਬੁਸ਼ ਨੇ ਇਸ ਸਮਝੌਤੇ 'ਤੇ ਸਹੀ ਪਾਈ ਸੀ, ਪਰ ਅਮਲੀ ਜਾਮਾ ਨਹੀਂ ਸੀ ਪਹਿਨਾਇਆ ਗਿਆ। ਹੁਣ ਕਰਾਰ ਹੋ ਗਿਆ ਹੈ ਤੇ ਅਮਰੀਕਾ ਨੇ ਭਾਰਤ ਵਿੱਚ ਛੇ ਨਵੇਂ ਪਰਮਾਣੂ ਊਰਜਾ ਪਲਾਂਟ ਲਾਉਣ ਲਈ ਸਹਿਮਤੀ ਦੇ ਦਿੱਤੀ ਹੈ। ਹਾਲੇ ਇਹ ਸਾਫ ਨਹੀਂ ਹੈ ਕਿ ਇਹ ਰਿਐਕਟਰ ਕਿੱਥੇ-ਕਿੱਥੇ ਲੱਗਣਗੇ।