ਨਵੀਂ ਦਿੱਲੀ: ਚੀਨ ਦੇ ਵੁਹਾਨ ਸ਼ਹਿਰ 'ਚੋਂ ਦੁਨੀਆਂ ਭਰ 'ਚ ਫੈਲਿਆ ਕੋਰੋਨਾ ਵਾਇਰਸ ਤਬਾਹੀ ਮਚਾ ਰਿਹਾ ਹੈ। ਵਿਸ਼ਵ ਦੇ ਕਰੀਬ ਸਾਰੇ ਦੇਸ਼ ਇਸ ਜਾਨਲੇਵਾ ਵਾਇਰਸ ਦੀ ਲਪੇਟ 'ਚ ਹਨ ਪਰ ਇਸ ਸਮੇਂ ਅਮਰੀਕਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ ਹੈ। ਅਮਰੀਕਾ 'ਚ ਕੋਰੋਨਾ ਦੇ 11 ਲੱਖ, 85 ਹਜ਼ਾਰ, 285 ਕੇਸ ਹਨ ਜਦਕਿ 68,507 ਮੌਤਾਂ ਹੋ ਚੁੱਕੀਆਂ ਹਨ। ਅਜਿਹੇ 'ਚ ਅਮਰੀਕੀ ਰਾਸ਼ਟਰਪਤੀ ਤੋਂ ਬਾਅਦ ਹੁਣ ਵਿਦੇਸ਼ ਮੰਤਰੀ ਮਾਇਕ ਪੌਂਪੀਓ ਨੇ ਵੀ ਇਹ ਦਾਅਵਾ ਕੀਤਾ ਹੈ ਕਿ ਕੋਰੋਨਾ ਵਾਇਰਸ ਮਨੁੱਖ ਦੁਆਰਾ ਬਣਾਇਆ ਵਾਇਰਸ ਹੈ ਤੇ ਇਸ ਦੀ ਉਤਪੱਤੀ ਚੀਨ ਦੀ ਲੈਬ 'ਚ ਹੋਈ ਹੈ।
ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਚੀਨ ਦੀ ਸਾਜ਼ਿਸ਼ ਦਾ ਨਤੀਜਾ ਹੈ। ਪੌਂਪੀਓ ਨੇ ਕਿਹਾ ਸਾਡੇ ਕੋਲ ਇਸ ਦੇ ਪੁਖ਼ਤਾ ਸਬੂਤ ਹਨ ਕਿ ਵਾਇਰਸ ਵੁਹਾਨ ਤੋਂ ਹੀ ਆਇਆ ਹੈ। ਅਮਰੀਕੀ ਨਿਊਜ਼ ਚੈਨਲ ABC ਦੇ ਇੱਕ ਪ੍ਰੋਗਰਾਮ 'ਚ ਮਾਇਕ ਪੌਂਪੀਓ ਨੇ ਇਲਜ਼ਾਮ ਲਾਇਆ ਕਿ ਚੀਨ ਕੋਲ ਕੋਰੋਨਾ ਨੂੰ ਰੋਕਣ ਦਾ ਮੌਕਾ ਸੀ ਪਰ ਉਸ ਨੇ ਜਾਣਬੁੱਝ ਕੇ ਅਜਿਹਾ ਨਹੀਂ ਕੀਤਾ।
ਇਹ ਵੀ ਪੜ੍ਹੋ: Coronavirus: ਦੁਨੀਆ ਭਰ ‘ਚ 35 ਲੱਖ ਤੋਂ ਜ਼ਿਆਦਾ ਕੋਰੋਨਾ ਸੰਕਰਮਿਤ, 2 ਲੱਖ 48 ਹਜ਼ਾਰ ਤੋਂ ਜ਼ਿਆਦਾ ਦੀ ਮੌਤ
ਪੌਂਪੀਓ ਨੇ ਕਿਹਾ ਦੁਨੀਆਂ 'ਚ ਵਾਇਰਸ ਫੈਲਾਉਣ 'ਤੇ ਹੇਠਲੇ ਪੱਧਰ ਦੀਆਂ ਪ੍ਰਯੋਗਸ਼ਾਲਾ ਚਲਾਉਣ ਦਾ ਚੀਨ ਦਾ ਪੁਰਾਣਾ ਰਿਕਾਰਡ ਰਿਹਾ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਚੀਨ ਦੀ ਲੈਬ ਕਾਰਨ ਵਾਇਰਸ ਦੁਨੀਆਂ ਭਰ 'ਚ ਫੈਲਿਆ ਹੋਵੇ। ਉਨ੍ਹਾਂ ਕਿਹਾ ਖ਼ੁਫੀਆ ਵਿਭਾਗ ਇਸ ਦੀ ਜਾਂਚ ਕਰ ਰਿਹਾ ਹੈ।
ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਟਰੰਪ ਵੀ ਚੀਨ ਖਿਲਾਫ਼ ਸਬੂਤ ਦੀ ਗੱਲ ਕਹਿ ਚੁੱਕੇ ਹਨ। ਅਜਿਹੇ 'ਚ ਦਿਲਚਸਪ ਗੱਲ ਇਹ ਹੈ ਕਿ ਟਰੰਪ ਤੇ ਉਨ੍ਹਾਂ ਦੇ ਮੰਤਰੀ ਬੇਸ਼ੱਕ ਕੋਰੋਨਾ ਲਈ ਚੀਨ 'ਤੇ ਉਂਗਲੀ ਚੁੱਕ ਰਹੇ ਹੋਣ ਪਰ ਇਨ੍ਹਾਂ ਦਾ ਹੀ ਖੁਫੀਆ ਵਿਭਾਗ ਕੋਰੋਨਾ ਦੇ ਮਨੁੱਖ ਵੱਲੋਂ ਬਣਾਉਣ ਦੀ ਥਿਓਰੀ ਖਾਰਜ ਕਰ ਚੁੱਕਾ ਹੈ।