ਅੰਮ੍ਰਿਤਸਰ: ਆਪਣੇ ਫੇਸਬੁੱਕ ਦੋਸਤ ਨੂੰ ਮਿਲਣ ਵਾਸਤੇ 22 ਸਾਲਾ ਅਮਰੀਕੀ ਮੁਟਿਆਰ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਵਿੱਚ ਪਹੁੰਚੀ ਹੈ। ਉਂਝ ਹਜ਼ਾਰਾਂ ਵਿਦੇਸ਼ੀ ਸੈਲਾਨੀ ਰੋਜ਼ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਅੰਮ੍ਰਿਤਸਰ ਆਉਂਦੇ ਹਨ, ਪਰ ਅਮਰੀਕਾ ਦੇ ਮੈਰੀਲੈਂਡ ਦੀ 22 ਸਾਲਾ ਵ੍ਹਾਈਟਨੀ ਹੈਰਿਸ ਆਪਣੇ ਫੇਸਬੁੱਕ 'ਤੇ ਦੋਸਤ ਬਣੇ ਬਾਰ੍ਹਵੀਂ ਜਮਾਤ ਦੇ 21 ਸਾਲਾ ਵਿਦਿਆਰਥੀ ਪੁਲਕਿਤ ਨੂੰ ਮਿਲਣ ਆਈ ਹੈ। ਉਸ ਦੇ ਇਸ ਤਰ੍ਹਾਂ ਭਾਰਤ ਆਉਣ ਨਾਲ ਜਿੱਥੇ ਪੁਲਕਿਤ ਦੇ ਮਾਪੇ ਹੈਰਾਨ ਹਨ, ਉੱਥੇ ਹੀ ਉਸ ਦੇ ਅਮਰੀਕਾ ਵਿਚਲੇ ਪਰਿਵਾਰਕ ਮੈਂਬਰ ਚਿੰਤਾ ਵਿੱਚ ਹਨ ਤੇ ਉਸ ਦੇ ਗ਼ਾਇਬ ਹੋਣ ਨੂੰ ਮਨੁੱਖੀ ਤਸਕਰੀ ਨਾਲ ਜੋੜ ਕੇ ਦੇਖ ਰਹੇ ਹਨ।
ਵ੍ਹਾਈਟਨੀ ਦੇ ਅੰਕਲ ਇਰਿਨ ਰੇਅਨੌਲਜ਼ ਹੈਰਿਸ ਨੇ ਆਪਣੇ ਫੇਸਬੁੱਕ ਪੇਜ 'ਤੇ ਉਸ ਪ੍ਰਤੀ ਚਿੰਤਾ ਵਾਲੀ ਪੋਸਟ ਸਾਂਝੀ ਕੀਤੀ ਕਿ ਮੇਰੀ ਭਤੀਜੀ ਗੁੰਮ ਹੋ ਗਈ ਹੈ। ਉਸ ਨੇ ਪੱਤਰ ਲਿਖਿਆ ਹੈ ਕਿ ਉਹ ਕਿਸੇ ਨੂੰ ਆਨਲਾਈਨ ਮਿਲੀ ਸੀ ਤੇ ਹੁਣ ਅਸਲੀਅਤ ਵਿੱਚ ਮਿਲਣ ਲਈ ਅੰਮ੍ਰਿਤਸਰ ਜਾ ਰਹੀ ਹੈ। ਉਹ ਹੁਣ ਚਿੰਤਾ ਵਿੱਚ ਹਨ ਕਿ ਕਿਧਰੇ ਉਨ੍ਹਾਂ ਦੀ ਭਤੀਜੀ ਮਨੁੱਖੀ ਤਸਕਰੀ ਦੇ ਚੱਕਰ ਵਿੱਚ ਤਾਂ ਨਹੀਂ ਫਸ ਗਈ।
ਹੈਰਿਸ ਦੀ ਇਹ ਪੋਸਟ ਅੰਮ੍ਰਿਤਸਰ ਦੀ ਹੀ ਰਹਿਣ ਵਾਲੀ ਜੀਵਨ ਜਯੋਤ ਦੀ ਨਿਗ੍ਹਾ ਪੈ ਗਈ ਤੇ ਉਸ ਨੇ ਵ੍ਹਾਈਟਨੀ ਨੂੰ ਪਛਾਣ ਲਿਆ ਕਿ ਇਹ ਔਰਤ ਪੁਲਕਿਤ ਨਾਲ ਸਵੇਰੇ ਸੱਤ ਕੁ ਵਜੇ ਅੰਮ੍ਰਿਤਸਰ ਕੌਮਾਂਤਰੀ ਹਵਾਈ ਅੱਡੇ 'ਤੇ ਉੱਤਰੀ ਹੈ, ਜੋ ਉਸ ਨੂੰ ਨਵੀਂ ਦਿੱਲੀ ਤੋਂ ਲੈ ਕੇ ਆਇਆ ਸੀ। ਕਹਾਣੀ ਵਿੱਚ ਇੱਕ ਹੋਰ ਮੋੜ ਆਇਆ ਜਦੋਂ ਚਰਚ ਦਾ ਪਾਸਟਰ ਤੇ ਐਲਡਰ ਡਾ. ਪਰਕਾਸ਼ ਮਸੀਹ ਵ੍ਹਾਈਟਨੀ ਨੂੰ ਆਪਣੇ ਕੋਲ ਲਿਜਾਣ ਲਈ ਪਹੁੰਚ ਗਏ।
ਇਸ 'ਤੇ ਪਹਿਲਾਂ ਤਾਂ ਜੀਵਨ ਜਯੋਤੀ ਨੇ ਮਨ੍ਹਾ ਕੀਤਾ ਪਰ ਪਾਦਰੀ ਨੇ ਦੱਸਿਆ ਕਿ ਉਹ ਉਸ (ਵ੍ਹਾਈਟਨੀ) ਦੇ ਮਾਪਿਆਂ ਨੂੰ ਜਾਣਦਾ ਹੈ ਤੇ ਉਸ ਨੇ ਉਨ੍ਹਾਂ ਨਾਲ ਉਸ ਦੇ ਇੱਥੇ ਆਉਣ ਬਾਰੇ ਗੱਲਬਾਤ ਵੀ ਕੀਤੀ ਹੈ। ਫਿਰ ਵੀ ਜੀਵਨ ਜਯੋਤੀ ਦਾ ਮਨ ਨਾ ਮੰਨਿਆ ਤੇ ਉਸ ਨੇ ਵ੍ਹਾਈਟਨੀ ਦੇ ਉਨ੍ਹਾਂ ਨਾਲ ਜਾਣ ਤੋਂ ਬਾਅਦ ਸ਼ਹਿਰ ਦੇ ਡਿਪਟੀ ਕਮਿਸ਼ਨਰ ਕੇਐਸ ਸੰਘਾ ਤੇ ਪੁਲਿਸ ਕਮਿਸ਼ਨਰ ਐਸ.ਐਸ. ਸ੍ਰੀਵਾਸਤਵ ਨੂੰ ਸੂਚਿਤ ਕਰ ਦਿੱਤਾ।
ਅਮਰੀਕੀ ਨਾਗਰਿਕ ਦੇ ਇਸ ਤਰ੍ਹਾਂ ਦੇ ਹਾਲਾਤ ਵਿੱਚ ਹੋਣ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆ ਗਿਆ ਤੇ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਅਲਕਾ ਦੀ ਅਗਵਾਈ ਵਿੱਚ ਟੀਮ ਬਣਾ ਕੇ ਡਾ. ਮਸੀਹ ਦੀ ਰਿਹਾਇਸ਼ 'ਤੇ ਭੇਜੀ। ਕਮਿਸ਼ਨਰ ਅਲਕਾ ਨੇ ਦੱਸਿਆ ਕਿ ਉੱਥੇ ਜਾ ਕੇ ਅਸੀਂ ਵ੍ਹਾਈਨਟਨੀ ਨੂੰ ਸੁਰੱਖਿਅਤ ਪਾਇਆ ਤੇ ਉਸ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਇੱਥੇ ਆਪਣੀ ਮਰਜ਼ੀ ਨਾਲ ਆਈ ਹੈ।
ਉਨ੍ਹਾਂ ਨਾਲ ਗੱਲਬਾਤ ਦੌਰਾਨ ਡਾ. ਮਸੀਹ ਨੇ ਦੱਸਿਆ ਕਿ ਉਹ (ਵ੍ਹਾਈਟਨੀ) ਅਮਰੀਕਾ ਦੇ ਸੈਵੰਥ-ਡੇਅ ਐਡਵੈਨਟਿਸਟ ਚਰਚ ਦੀ ਮੈਂਬਰ ਹੈ ਤੇ ਉਸ ਦੇ ਅੰਮ੍ਰਿਤਸਰ ਪਹੁੰਚਣ ਬਾਰੇ ਉੱਥੋਂ ਹੀ ਸੂਚਨਾ ਮਿਲੀ ਸੀ ਤੇ ਉਨ੍ਹਾਂ ਦੇ ਕਹਿਣ 'ਤੇ ਹੀ ਉਹ ਉਸ ਨੂੰ ਇੱਥੇ ਲੈ ਕੇ ਆਏ ਸਨ। ਡਾ. ਮਸੀਹ ਨੇ ਦੱਸਿਆ ਕਿ ਉਸ ਦੀ ਮੁਟਿਆਰ ਦੇ ਪਰਿਵਾਰ ਵਿੱਚੋਂ ਸ਼ਾਇਦ ਉਸ ਦੇ ਭਰਾ ਨਾਲ ਗੱਲ ਹੋਈ ਹੈ ਤੇ ਉਹ ਕੁਝ ਹੀ ਦਿਨਾਂ ਵਿੱਚ ਇੱਥੇ ਪਹੁੰਚ ਕੇ ਇਸ ਨੂੰ ਲੈ ਜਾਵੇਗਾ।
ਉੱਧਰ, ਵ੍ਹਾਈਟੀ ਦੇ ਇੱਥੇ ਇਸ ਤਰ੍ਹਾਂ ਪਹੁੰਚਣ ਬਾਰੇ ਪੁਲਕਿਤ ਦੇ ਪਿਤਾ ਬ੍ਰਿਜ ਮੋਹਨ ਨੇ ਕਿਹਾ ਕਿ ਦੋਵਾਂ ਦੇ ਰਿਸ਼ਤੇ ਬਾਰੇ ਹਾਲੇ ਤਕ ਉਨ੍ਹਾਂ ਦਾ ਕੋਈ ਵਿਚਾਰ ਨਹੀਂ ਹੈ। ਉਹ ਉਸ (ਵ੍ਹਾਈਟਨੀ) ਦੇ ਮਾਪਿਆਂ ਦੇ ਮੁਤਾਬਕ ਹੀ ਚੱਲਣਗੇ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਉਹ ਉਨ੍ਹਾਂ ਦੇ ਘਰ ਆਉਣਾ ਚਾਹੁੰਦੀ ਹੈ ਤਾਂ ਉਹ ਬੇਝਿਜਕ ਆ ਸਕਦੀ ਹੈ। ਹੁਣ, ਦੇਖਣਾ ਇਹ ਹੋਵੇਗਾ ਕਿ ਜਦ ਵ੍ਹਾਈਟਨੀ ਦੇ ਪਰਿਵਾਰ ਵਿੱਚੋਂ ਕੋਈ ਆਉਂਦਾ ਹੈ, ਤਾਂ ਉਦੋਂ ਉਹ ਕੀ ਫੈਸਲਾ ਲੈਂਦੇ ਹਨ।