ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੁੱਧਵਾਰ ਕਿਹਾ ਕਿ ਸੰਘੀ ਸਰਕਾਰ ਵੀਰਵਾਰ ਨੂੰ ਲੌਕਡਾਊਨ ਸਮਾਪਤ ਹੋਣ ਮਗਰੋਂ ਕੋਰੋਨਾ ਵਾਇਰਸ ਦੇ ਸੋਸ਼ਲ ਡਿਸਟੈਂਸਿੰਗ ਦਿਸ਼ਾ-ਨਿਰਦੇਸ਼ ਦਾ ਵਿਸਥਾਰ ਨਹੀਂ ਕਰੇਗੀ। ਉਨ੍ਹਾਂ ਦੇ ਜਵਾਈ ਤੇ ਸਲਾਹਕਾਰ ਜੇਰੇਡ ਕੁਸ਼ਨਰ ਨੇ ਕਿਹਾ ਕਿ ਜੁਲਾਈ ਤਕ ਦੇਸ਼ ਫਿਰ ਤੋਂ ਪਹਿਲਾਂ ਵਾਂਗ ਹੋ ਜਾਏਗਾ।


ਟਰੰਪ ਨੇ ਕਿਹਾ ਕਿ ਵਾਈਟ ਹਾਊਸ 'ਚ ਇੱਕ ਮਹੀਨੇ ਤੋਂ ਜ਼ਿਆਦਾ ਸਮਾਂ ਬਿਤਾਉਣ ਮਗਰੋਂ ਉਹ ਆਊਟ ਆਫ਼ ਸਟੇਟ ਯਾਤਰਾ ਮੁੜ ਤੋਂ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹਨ ਜੋ ਅਗਲੇ ਹਫ਼ਤੇ ਐਰੀਜ਼ੋਨਾ ਦੀ ਯਾਤਰਾ ਨਾਲ ਸ਼ੁਰੂ ਹੋਵੇਗੀ। ਟਰੰਪ ਹਜ਼ਾਰਾਂ ਸਮਰਥਕਾਂ ਨਾਲ ਆਉਣ ਵਾਲੇ ਮਹੀਨਿਆਂ 'ਚ ਵੱਡੇ ਪੱਧਰ 'ਤੇ ਰੈਲੀਆਂ ਕਰਨ ਦੀ ਉਮੀਦ ਵਿੱਚ ਹਨ।


ਟਰੰਪ ਨੇ ਦੈਨਿਕ ਪ੍ਰੈੱਸ ਕਾਨਫਰੰਸ 'ਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਮਰੀਕਾ 'ਚ ਕੋਰੋਨਾ ਵਾਇਰਸ ਕਾਰਨ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਵੀਅਤਨਾਮ ਯੁੱਧ 'ਚ ਹੋਣ ਵਾਲੀਆਂ ਮੌਤਾਂ ਤੋਂ ਵੀ ਜ਼ਿਆਦਾ ਹੈ। ਵੀਅਤਨਾਮ ਯੁੱਧ 'ਚ 58,220 ਅਮਰੀਕੀ ਫੌਜੀ ਮਾਰੇ ਗਏ ਸਨ। ਅਮਰੀਕਾ 'ਚ ਕੋਰੋਨਾ ਵਾਇਰਸ ਤੋਂ ਪੀੜਤ ਲੋਕਾਂ ਦੀ ਸੰਖਿਆਂ ਦਸ ਲੱਖ ਦਾ ਅੰਕੜਾ ਪਾਰ ਕਰ ਗਈ ਹੈ ਜਦਕਿ 60 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।


ਉੱਥੇ ਹੀ ਅਮਰੀਕਾ ਦੀ ਵਿਕਾਸ 'ਚ ਇਸ ਸਾਲ ਜਨਵਰੀ-ਮਾਰਚ ਤਿਮਾਹੀ ਦੌਰਾਨ 4.8 ਫੀਸਦ ਦੀ ਗਿਰਾਵਟ ਆਈ ਹੈ। ਪਿਛਲੇ ਇਕ ਦਹਾਕੇ ਤੋਂ ਕਿਸੇ ਵੀ ਤਿਮਾਹੀ ਦੌਰਾਨ ਅਮਰੀਕਾ ਦੀ ਇਹ ਸਭ ਤੋਂ ਖ਼ਰਾਬ ਵਿਕਾਸ ਦਰ ਹੈ। ਸਪਸ਼ਟ ਹੈ ਕਿ ਕੋਰੋਨਾ ਵਾਇਰਸ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਅਮਰੀਕਾ ਹੈ।