ਵਾਸ਼ਿੰਗਟਨ: ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ, ਵਰਜੀਨੀਆ ਤੇ ਕੋਲੰਬੀਆ ‘ਚ ਸੋਮਵਾਰ ਨੂੰ ਤੇਜ਼ ਬਾਰਸ਼ ਤੋਂ ਬਾਅਦ ਹੜ੍ਹ ਆ ਗਿਆ। ਇੱਥੇ ਇੱਕ ਘੰਟੇ ਦੇ ਅੰਦਰ 3.3 ਇੰਚ ਪਾਣੀ ਵਰ੍ਹਿਆ। ਸ਼ਹਿਰ ਦੀ ਸੜਕਾਂ ‘ਤੇ ਨਹਿਰ ਦੀ ਤਰ੍ਹਾਂ ਪਾਣੀ ਵਹਿਣ ਲੱਗ ਗਿਆ। ਵ੍ਹਾਈਟ ਹਾਉਸ ਦੇ ਬੇਸਮੈਂਟ ‘ਚ ਬਣੇ ਮੀਡੀਆ ਰੂਮ ‘ਚ ਵੀ ਪਾਣੀ ਭਰ ਗਿਆ। ਮੌਸਮ ਵਿਭਾਗ ਨੇ ਮੈਟਰੋ ਖੇਤਰ ਨੂੰ ਐਮਰਜੈਂਸੀ ਸਥਿਤੀ ਐਲਾਨ ਦਿੱਤਾ।



ਸਥਾਨਕ ਮੀਡੀਆ ਮੁਤਾਬਕ, ਖ਼ਰਾਬ ਮੌਸਮ ਕਰਕੇ ਦੱਖਣੀ ਵਾਸ਼ਿੰਗਟਨ ‘ਚ ਟ੍ਰੇਨ ਆਵਾਜਾਈ ਸੇਵਾ ਰੱਦ ਕਰ ਦਿੱਤੀ। ਇਹ ਕਦੋਂ ਬਹਾਲ ਹੋਵੇਗੀ, ਇਹ ਤੈਅ ਨਹੀਂ। ਹੜ੍ਹ ਕਰਕੇ ਹੁਣ ਤਕ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖ਼ਬਰ ਨਹੀਂ। ਜਾਰਜ ਵਾਸ਼ਿੰਗਟਨ ਪਾਰਕਵੇ ਦੇ ਇੱਕ ਖੇਤਰ ਨੂੰ ਪਾਣੀ ਭਰਨ ਕਰਕੇ ਬੰਦ ਕਰ ਦਿੱਤਾ ਗਿਆ।

ਨੌਰਥਵੈਸਟ ਵਾਸ਼ਿੰਗਟਨ ਦੇ ਵੀ ਕੁਝ ਖੇਤਰਾਂ ਨੂੰ ਹੜ੍ਹ ਕਰਕੇ ਬੰਦ ਕਰ ਦਿੱਤਾ ਗਿਆ। ਕੋਲੰਬੀਆ ਜ਼ਿਲ੍ਹੇ ਦੇ ਕੁਝ ਖੇਤਰਾਂ ‘ਚ ਸੋਮਵਾਰ ਨੂੰ ਦੇਰ ਰਾਤ ਤਕ ਬਾਰਸ਼ ਹੁੰਦੀ ਰਹੀ। ਇੱਥੇ ਹਨੇਰੀ-ਤੂਫਾਨ ਕਰਕੇ ਏਅਰਪੋਰਟਸ ‘ਤੇ ਕਾਫੀ ਨੁਕਾਸਨ ਹੋਇਆ।


ਮੌਸਮ ਵਿਭਾਗ ਮੁਤਾਬਕ, ਭਾਰੀ ਬਾਰਸ਼ ਕਰਕੇ ਛੋਟੇ ਨਾਲੇ, ਸ਼ਹਿਰੀ ਖੇਤਰ, ਰਾਜ ਮਾਰਗ ਸੜਕਾਂ ਤੇ ਅੰਡਰਪਾਸ ਦੇ ਨਾਲ-ਨਾਲ ਹੋਰ ਕਈ ਥਾਂਵਾਂ ‘ਤੇ ਪਾਣੀ ਭਰ ਗਿਆ। ਇਸ ਕਰਕੇ ਹੜ੍ਹ ਜਿਹੇ ਹਾਲਾਤ ਬਣੇ ਹੋਏ ਹਨ। ਅਗਲੇ ਦੋ ਦਿਨ ਤੇਜ਼ ਬਾਰਸ਼ ਤੇ ਹਨ੍ਹੇਰੀ-ਤੂਫਾਨ ਦੀ ਉਮੀਦ ਹੈ।