ਨਿਊਯਾਰਕ: ਅਮਰੀਕਾ ਵਿੱਚ ਸਿੱਖ ਧਰਮ ਤੇ ਸਿੱਖਾਂ ਬਾਰੇ ਪ੍ਰਚਾਰ ਕਰਨ ਲਈ 'ਵੀ ਆਰ ਸਿੱਖਸ' ਮੁਹਿੰਮ ਨੂੰ ਜਨਤਕ ਮੁੱਦੇ ਉਭਾਰਨ ਬਾਰੇ ਲੋਕ ਸੰਪਰਕ ਪ੍ਰੋਗਰਾਮਿੰਗ ਵਿੱਚ ਉੱਚ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਮੁਹਿੰਮ ਨੂੰ ਲੋਕ ਮੁੱਦਿਆਂ ਦੀ ਸ਼੍ਰੇਣੀ ਵਿੱਚ ਪੀ.ਆਰ. ਵੀਕ ਯੂ.ਐਸ. ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਇਸ ਐਵਾਰਡ ਨੂੰ ਲੋਕ ਸੰਪਰਕ ਸੇਵਾ ਦਾ ਆਸਕਰ ਕਿਹਾ ਜਾਂਦਾ ਹੈ।
'ਵੀ ਆਰ ਸਿੱਖਸ' ਮੁਹਿੰਮ ਨੂੰ ਨੈਸ਼ਨਲ ਸਿੱਖ ਕੈਂਪੇਨ (NSC) ਨੇ ਪਿਛਲੇ ਸਾਲ ਵਿਸਾਖੀ ਵਾਲੇ ਦਿਨ ਲਾਂਚ ਕੀਤਾ ਸੀ। ਇਸ ਨੂੰ ਐਫ.ਪੀ.1 ਸਟ੍ਰੈਟਿਜੀਜ਼ ਨੇ ਚਲਾਇਆ ਸੀ। ਮੁਹਿੰਮ ਨੂੰ ਵਧੀਆ ਢੰਗ ਨਾਲ ਸਿੱਖਾਂ ਨੂੰ ਚੰਗੇ ਗੁਆਂਢੀ ਦੇ ਰੂਪ ਵਿੱਚ ਪੇਸ਼ ਕੀਤੇ ਜਾਣ ਲਈ ਇਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੁਹਿੰਮ ਵਿੱਚ 1.3 ਮਿਲੀਅਨ ਡਾਲਰ ਦਾ ਖ਼ਰਚ ਆਇਆ, ਜਿਸ ਵਿੱਚ ਜ਼ਿਆਦਾਤਰ ਸਿੱਖਾਂ ਦਾ ਯੋਗਦਾਨ ਰਿਹਾ ਪਰ ਕੁਝ ਹਿੰਦੂਆਂ ਨੇ ਵੀ ਆਪਣਾ ਜ਼ਿਕਰਯੋਗ ਯੋਗਦਾਨ ਇਸ ਮੁਹਿੰਮ ਵਿੱਚ ਪਾਇਆ। ਮੁਹਿੰਮ ਰਾਹੀਂ ਟੈਲੀਵਿਜ਼ਨ, ਆਨਲਾਈਨ ਮਾਧਿਅਮ ਰਾਹੀਂ ਸਿੱਖਾਂ ਦੇ ਕਿੱਸੇ ਪ੍ਰਸਾਰਿਤ ਕੀਤੇ ਗਏ ਤੇ ਇਸੇ ਮੁਹਿੰਮ ਤਹਿਤ ਸਮੱਗਰੀ ਨੂੰ ਪੱਤਰਕਾਰਾਂ ਨੂੰ ਈ-ਮੇਲ ਕਰਕੇ ਤੇ ਭਾਈਚਾਰਕ ਸਮਾਗਮ ਕਰ ਕੇ ਹੋਰ ਵੀ ਪ੍ਰਚਾਰਿਆ ਗਿਆ।
ਪੀ.ਆਰ. ਵੀਕ ਨੇ ਦੱਸਿਆ ਕਿ ਇਸ ਮੁਹਿੰਮ ਨਾਲ ਸਿੱਖਾਂ ਬਾਰੇ ਸਥਾਨਕ ਅਮਰੀਕੀਆਂ ਵਿੱਚ ਕਾਫੀ ਜਾਗਰੂਕਤਾ ਆਈ ਹੈ। ਸਿੱਖ ਭਾਈਚਾਰੇ ਨੂੰ ਉਨ੍ਹਾਂ ਨੇ ਦੇਸ਼ ਭਗਤੀ ਦੀ ਭਾਵਨਾ, ਬਰਾਬਰਤਾ, ਸਤਿਕਾਰ ਕਰਨ ਵਾਲੇ ਤੇ ਅਮਰੀਕੀ ਕਦਰਾਂ-ਕੀਮਤਾਂ ਦਾ ਆਦਰ ਕਰਨ ਵਾਲੇ ਸਮਝਿਆ।
ਨੈਸ਼ਨ ਸਿੱਖ ਕੈਂਪੇਨ ਦੇ ਸਹਿ ਸੰਸਥਾਪਕ ਤੇ ਸੀਨੀਅਰ ਸਲਾਹਕਾਰ ਡਾ. ਰਾਜਵੰਤ ਸਿੰਘ ਨੇ ਇਹ ਸਨਮਾਨ ਹਾਸਲ ਕਰਦਿਆਂ ਖੁਸ਼ੀ ਜਤਾਈ। ਉਨ੍ਹਾਂ ਕਿਹਾ ਕਿ ਅਮਰੀਕਾ 'ਚ ਸਿੱਖਾਂ ਵੱਲੋਂ ਆਪਣੇ ਧਰਮ ਦਾ ਪ੍ਰਚਾਰ ਤੇ ਹੋਰਾਂ ਲੋਕਾਂ ਨੂੰ ਜਾਗਰੂਕ ਕਰਨ ਲਈ 'ਵੀ ਆਰ ਸਿੱਖਸ' ਟੈਲੀਵਿਜ਼ਨ ਇਸ਼ਤਿਹਾਰ ਨੂੰ ਨੂੰ ਐਵਾਰਡ ਮਿਲਿਆ।
ਉਨ੍ਹਾਂ ਦੱਸਿਆ ਕਿ ਇਹ ਐਡ ਅਮਰੀਕਾ ਮੀਡੀਆ ਵਿੱਚ CNN ਤੇ FOX TV ਤੇ ਸ਼ੋਸ਼ਲ ਮੀਡੀਆ 'ਤੇ ਚਲਾਈ ਗਈ ਸੀ ਤਾਂ ਕਿ ਸਿੱਖਾਂ ਦੀ ਵੱਖਰੀ ਪਛਾਣ ਬਾਰੇ ਅਮਰੀਕੀਆਂ ਨੂੰ ਵੀ ਪਤਾ ਲੱਗ ਸਕੇ। ਡਾ. ਰਾਜਵੰਤ ਨੇ ਕਿਹਾ ਕਿ ਨੈਸ਼ਨਲ ਸਿੱਖ ਕੈਂਪੇਨ ਵੱਲੋਂ ਸ਼ੁਰੂ ਕੀਤੀ ਇਸ ਮੁਹਿੰਮ ਦੇ ਸਾਰਥਕ ਨਤੀਜੇ ਸਾਹਮਣੇ ਆਏ ਹਨ।