ਨਵੀਂ ਦਿੱਲੀ: ਕੋਰੋਨਾ ਵਾਇਰਸ ਦੀ ਉਤਪੱਤੀ ਨੂੰ ਲੈਕੇ ਚੀਨ 'ਤੇ ਲਗਾਤਾਰ ਸਵਾਲ ਚੁੱਕੇ ਜਾਂਦੇ ਰਹੇ ਹਨ। ਪਰ ਹੁਣ ਤਕ ਇਸ ਗੱਲ ਦਾ ਠੋਸ ਸਬੂਤ ਨਹੀਂ ਮਿਲਿਆ ਕਿ ਕੋਰੋਨਾ ਵਾਇਰਸ ਦੀ ਉਤਪੱਤੀ ਪਿੱਛੇ ਚੀਨ ਹੀ ਜ਼ਿੰਮੇਵਾਰ ਹੈ। ਹੁਣ ਵਿਸ਼ਵ ਸਿਹਤ ਸੰਗਠਨ (who) ਨੇ ਕਿਹਾ ਕਿ ਉਹ ਚੀਨ ਨੂੰ ਮਜਬੂਰ ਨਹੀਂ ਕਰ ਸਕਦਾ ਕਿ ਉਹ ਕੋਰੋਨਾ ਵਾਇਰਸ ਦੀ ਉਤਪੱਤੀ ਨੂੰ ਲੈਕੇ ਹੋਰ ਅੰਕੜੇ ਪੇਸ਼ ਕਰੇ।
ਦਰਅਸਲ WHO ਨੇ ਕਿਹਾ ਕਿ ਚੀਨ 'ਤੇ ਦਬਾਅ ਬਣਾਉਣਾ ਉਚਿੱਤ ਨਹੀਂ ਪਰ ਇਸ ਗੱਲ ਦੀ ਜਾਂਚ ਚੱਲਦੀ ਰਹੇਗੀ ਆਖਿਰ ਵਾਇਰਸ ਕਿੱਥੋਂ ਆਇਆ ਤੇ ਕਿਵੇਂ ਇਹ ਦੁਨੀਆਂਭਰ 'ਚ ਫੈਲ ਗਿਆ।
ਦੱਸ ਦੇਈਏ ਕਿ ਕੋਰੋਨਾ ਵਾਇਰਸ ਦੀ ਉਤਪੱਤੀ ਦਾ ਪਤਾ ਲਾਉਣ 'ਚ ਜੁੱਟੇ ਅਮਰੀਕਾ ਨੇ ਚੀਨ ਖ਼ਿਲਾਫ਼ ਸਖ਼ਤ ਰੁਖ਼ ਬਣਾਇਆ ਹੋਇਆ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਿਲੰਕਨ ਨੇ ਚੀਨ ਨੂੰ ਕੋਰੋਨਾ ਵਾਇਰਸ ਦਾ ਜ਼ਿੰਮੇਵਾਰ ਦੱਸਦਿਆਂ ਕਿਹਾ ਕਿ ਜੇਕਰ ਭਵਿੱਖ 'ਚ ਇਸ ਤਰ੍ਹਾਂ ਦੀ ਮਹਾਮਾਰੀ ਤੋਂ ਬਚਣਾ ਹੈ ਤਾਂ ਇਸ ਦੀ ਤੈਅ ਤਕ ਜਾਣਾ ਬਹੁਤ ਜ਼ਰੂਰੀ ਹੈ।
ਚੀਨ ਅੰਤਰ ਰਾਸ਼ਟਰੀ ਖੋਜੀਆਂ ਨੂੰ ਚੀਨ 'ਚ ਦਾਖਲ ਹੋਣ ਦੇਵੇ- ਅਮਰੀਕੀ ਵਿਦੇਸ਼ ਮੰਤਰੀ
ਅਮਰੀਕਾ ਦੇ ਵਿਦੇਸ਼ ਮੰਤਰੀ ਨੇ ਇਹ ਵੀ ਕਿਹਾ ਕਿ ਚੀਨ ਉਨ੍ਹਾਂ ਨੂੰ ਉਸ ਤਰ੍ਹਾਂ ਜਾਂਚ ਨਹੀਂ ਕਰਨ ਦੇ ਰਿਹਾ ਜਿਸ ਤਰ੍ਹਾਂ ਹੋਣੀ ਚਾਹੀਦੀ ਹੈ। ਬਿਲੰਕੇਨ ਨੇ ਕਿਹਾ, 'ਵਾਇਰਸ ਨੂੰ ਲੈਕੇ ਚੀਨ ਉਸ ਤਰ੍ਹਾਂ ਦੀ ਜਾਣਕਾਰੀ ਨਹੀਂ ਦੇ ਰਿਹਾ ਜਿਵੇਂ ਦੀ ਜਾਂਚ ਏਜੰਸੀਆਂ ਨੂੰ ਲੋੜ ਹੈ।' ਉਨ੍ਹਾਂ ਕਿਹਾ ਕਿ ਚੀਨ ਅੰਤਰ ਰਾਸ਼ਟਰੀ ਖੋਜਾਰਥੀਆਂ ਨੂੰ ਚੀਨ 'ਚ ਦਾਖਲ ਹੋਣ ਦੇਵੇ ਤੇ ਉਨ੍ਹਾਂ ਨੂੰ ਜਾਣਕਾਰੀ ਮੁਹੱਈਆ ਕਰਵਾਏ।