ਪਿਓਂਗਯਾਂਗ: ਉੱਤਰੀ ਕੋਰੀਆ ਦਾ ਸਨਕੀ ਤਾਨਾਸ਼ਾਹ ਕਿਮ ਜੋਂਗ ਉਨ ਸਦਾ ਆਪਣੇ ਉਲਟੇ-ਪੁਲਟੇ ਹੁਕਮਾਂ ਕਰਕੇ ਦੁਨੀਆ ਵਿੱਚ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਹੁਣ ਉਸ ਨੇ ਨਵਾਂ ਤਾਨਾਸ਼ਾਹੀ ਹੁਕਮ ਸੁਣਾਇਆ ਹੈ ਕਿ ਉੱਤਰੀ ਕੋਰੀਆ ਵਿੱਚੋਂ ਵਿਦੇਸ਼ੀ ਪ੍ਰਭਾਵ ਖ਼ਤਮ ਕਰਨਾ ਜ਼ਰੂਰੀ ਹੋ ਗਿਆ ਹੈ।

ਇਸ ਲਈ ਜੇ ਕਿਸੇ ਵੀ ਦੇਸ਼ ਵਾਸੀ ਨੇ ਵਿਦੇਸ਼ੀ ਫ਼ਿਲਮ ਵੇਖੀ, ਵਿਦੇਸ਼ੀ ਕੱਪੜੇ ਜੀਨਜ਼ ਆਦਿ ਪਹਿਨੇ ਤੇ ਬਦਤਮੀਜ਼ੀ ਵਾਲੀ ਭਾਸ਼ਾ ਦੀ ਵਰਤੋਂ ਕੀਤੀ; ਤਾਂ ਅਜਿਹੇ ਵਿਅਕਤੀ ਨੂੰ ਤੁਰੰਤ ਮੌਤ ਦੀ ਸਜ਼ਾ ਦੇ ਦਿੱਤੀ ਜਾਵੇਗੀ। ਹਾਲੇ ਬੀਤੇ ਦਿਨੀਂ ਕਿਮ ਜੋਂਗ ਨੇ ਇੱਕ ਵਿਅਕਤੀ ਨੂੰ ਕੇਵਲ ਇਸ ਲਈ ਮੌਤ ਦੇ ਘਾਟ ਉਤਾਰਨ ਦੇ ਹੁਕਮ ਜਾਰੀ ਕਰ ਦਿੱਤੇ ਸਨ ਕਿਉਂਕਿ ਉਹ ਦੱਖਣੀ ਕੋਰੀਆ ਦੀ ਇੱਕ ਫ਼ਿਲਮ ਵੇਖਦਾ ਫੜਿਆ ਗਿਆ ਸੀ।

 

ਅਜਿਹੇ ਵਿਅਕਤੀ ਦੇ ਗੁਆਂਢੀਆਂ ਲਈ ਮੌਤ ਦੀ ਉਸ ਸਜ਼ਾ ਨੂੰ ਵੇਖਣਾ ਕਾਨੂੰਨੀ ਤੌਰ ’ਤੇ ਲਾਜ਼ਮੀ ਰੱਖਿਆ ਗਿਆ ਹੈ; ਤਾਂ ਜੋ ਸਭ ਨੂੰ ਕੰਨ ਹੋਣ। ਇੱਕ ਮਹਿਲਾ ਨਾਗਰਿਕ ਨੇ ਇਸ ਬਾਰੇ ਗੁਪਤ ਤੌਰ ਉੱਤੇ ‘ਬੀਬੀਸੀ’ ਨੂੰ ਦੱਸਿਆ ਕਿ ਜੇ ਕੋਈ ਆਪਣੇ ਕਿਸੇ ਗੁਆਂਢੀ ਵਿਅਕਤੀ ਨੂੰ ਮੌਤ ਦੀ ਸਜ਼ਾ ਨੂੰ ਆਪਣੀਆਂ ਅੱਖਾਂ ਨਾਲ ਨਹੀਂ ਵੇਖਦਾ, ਤਾਂ ਉਸ ਵਿਰੁੱਧ ਦੇਸ਼ ਧ੍ਰੋਹ ਦਾ ਮੁਕੱਦਮਾ ਚਲਾਇਆ ਜਾਂਦਾ ਹੈ ਤੇ ਅੱਗੇ ਉਸ ਦੀ ਸਜ਼ਾ ਵੀ ਮੌਤ ਹੀ ਹੈ।

 

ਇਸ ਤੋਂ ਇਲਾਵਾ ਅਸ਼ਲੀਲ ਵਿਡੀਓਜ਼ ਦੀ ਸਮੱਗਲਿੰਗ ਕਰ ਕੇ ਦੇਸ਼ ਵਿੱਚ ਲਿਆਉਣ ਲਈ ਵੀ ਉੱਤਰੀ ਕੋਰੀਆ ’ਚ ਮੌਤ ਦੀ ਸਜ਼ਾ ਦੀ ਵਿਵਸਥਾ ਹੈ। ਮਹਿਲਾ ਨਾਗਰਿਕ ਨੇ ਅੱਗੇ ਦੱਸਿਆ ਕਿ ਕੋਰੋਨਾ ਮਹਾਮਾਰੀ ਤਾਂ ਪੂਰੀ ਦੁਨੀਆ ਵਿੱਚ ਹੁਣ ਆਈ ਹੈ ਪਰ ਉੱਤਰੀ ਕੋਰੀਆ ’ਚ ਉਹ ਸ਼ੁਰੂ ਤੋਂ ਹੀ ਲੌਕਡਾਊਨ ਵਾਲੀ ਹਾਲਤ ਵਿੱਚ ਰਹਿ ਰਹੇ ਹਨ।

 

ਮਹਿਲਾ ਨਾਗਰਿਕ ਨੇ ਆਪਣੇ ਦੁੱਖ ਬਿਆਨਦਿਆਂ ਅੱਗੇ ਦੱਸਿਆ ਕਿ ਉੱਤਰੀ ਕੋਰੀਆ ਵਿੱਚ ਲੌਕਡਾਊਨ ਲਾਇਆ ਜਾਂਦਾ ਹੈ ਤੇ ਕਿਤੇ ਇੰਟਰਨੈੱਟ ਦੀ ਕੋਈ ਸੁਵਿਧਾ ਨਹੀਂ ਹੈ। ਇਸ ਦੇਸ਼ ਵਿੱਚ ਕੋਈ ਸੋਸ਼ਲ ਮੀਡੀਆ ਵੀ ਨਹੀਂ ਹੈ। ਕੇਵਲ ਕੁਝ ਸਰਕਾਰੀ ਟੀਵੀ ਚੈਨਲ ਹਨ, ਜੋ ਇਹ ਦੱਸਦੇ ਰਹਿੰਦੇ ਹਨ ਕਿ ਦੇਸ਼ ਦੇ ਨੇਤਾ ਜਨਾਬ ਕਿਮ ਜੋਂਗ ਉਨ ਸਾਹਿਬ ਤੁਹਾਨੂੰ ਕੀ ਸੁਣਾਉਣਾ ਚਾਹੁੰਦੇ ਹਨ।

 

ਕਿਮ ਜੋਂਗ ਉਨ ਦੇ ਨਵੇਂ ਹੁਕਮਾਂ ਅਨੁਸਾਰ ਜੇ ਕੋਈ ਵਿਅਕਤੀ ਦੱਖਣੀ ਕੋਰਖੀਆ, ਅਮਰੀਕਾ ਜਾਂ ਜਾਪਾਨ ਦੀ ਕੋਈ ਮੀਡੀਆ ਸਮੱਗਰੀ ਰੱਖਦਾ ਫੜਿਆ ਜਾਂਦਾ ਹੈ, ਤਾਂ ਉਸ ਨੂੰ ਫਾਂਸੀ ਦੀ ਸਜ਼ਾ ਮਿਲੇਗੀ। ਜੋ ਲੋਕ ਉਸ ਨੂੰ ਵੇਖਣਗੇ, ਉਨ੍ਹਾਂ ਨੂੰ 15 ਸਾਲ ਕੈਦ ਦੀ ਸਜ਼ਾ ਮਿਲੇਗੀ। ਹੁਣ ਸਥਾਨਕ ਪੁਲਿਸ ਤੇ ਫ਼ੌਜ ਅਜਿਹੇ ਲੋਕਾਂ ਦੀ ਭਾਲ ਵਿੱਚ ਹੀ ਲੱਗੀ ਰਹਿੰਦੀ ਹੈ।

 

ਇਸ ਤੋਂ ਇਲਾਵਾ ਉੱਤਰੀ ਕੋਰੀਆ ’ਚ ਵਿਦੇਸ਼ੀ ਭਾਸ਼ਣ ਪ੍ਰਸਾਰਿਤ ਕਰਨ, ਵਿਦੇਸ਼ੀ ਸਟਾਈਲ ਦੇ ਵਾਲ਼ ਰੱਖਣ ਤੇ ਵਿਦੇਸ਼ੀ ਕੱਪੜੇ ਪਾਉਣ ’ਤੇ ਮੁਕੰਮਲ ਰੋਕ ਹੈ। ਕਿਮ ਜੋਂਗ ਉਨ ਨੇ ਇਸ ਸਭ ਨੂੰ ‘ਖ਼ਤਰਨਾਕ ਜ਼ਹਿਰ’ ਕਰਾਰ ਦਿੱਤਾ ਹੈ। ਪਿੱਛੇ ਜਿਹੇ ਕੁਝ ਨੌਜਵਾਨਾਂ ਨੂੰ ਸਿਰਫ਼ ਇਸ ਲਈ ਇੱਕ ਐਜੂਕੇਸ਼ਨ ਕੈਂਪ ਵਿੱਚ ਭੇਜ ਦਿੱਤਾ ਗਿਆ ਕਿਉਂਕਿ ਉਨ੍ਹਾਂ ਨੇ ਦੱਖਣੀ ਕੋਰੀਆ ਦੇ ਪੌਪ ਸਟਾਰਜ਼ ਵਾਂਗ ਵਾਲ਼ ਕਟਵਾਏ ਹੋਏ ਸਨ।