ਵੈਨਕੂਵਰ: ਬ੍ਰਿਟਿਸ਼ ਕੋਲੰਬੀਆ ਵਿੱਚ ਜੰਗਲਾਂ ਵਿੱਚ ਭਿਆਨਕ ਅੱਗ ਲੱਗੀ ਹੋਈ ਹੈ। ਹਾਲਾਤ ਇੰਨੇ ਵਿਗੜ ਚੁੱਕੇ ਹਨ ਕਿ ਸੂਬੇ ਵਿਚ ਸਟੇਟ ਆਫ ਐਮਰਜੈਂਸੀ ਦਾ ਐਲਾਨ, ਯਾਨੀ ਕਿ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਜੰਗਲਾਂ ਦੀ ਅੱਗ ਨਾਲ ਨਜਿੱਠ ਰਹੀਆਂ ਵੱਖੋ-ਵੱਖਰੀਆਂ ਏਜੰਸੀਆਂ ਨੂੰ ਅੱਗ 'ਤੇ ਕਾਬੂ ਪਾਉਣ ਲਈ ਕੋਈ ਹੀਲ ਵਰਤਣ ਦੀ ਇਜਾਜ਼ਤ ਮਿਲ ਗਈ ਹੈ। ਇਸ ਸਾਲ ਲੱਗੀ ਅੱਗ ਕਾਰਨ ਹੁਣ ਤਕ 3,81,443 ਹੈਕਟੇਅਰ ਜੰਗਲ ਸੜ ਚੁੱਕੇ ਹਨ। ਸੰਨ 1950 ਤੋਂ ਬਾਅਦ ਇਹ ਚੌਥੀ ਸਭ ਤੋਂ ਭਿਆਨਕ ਹੈ।
BC Wildfire service ਦੇ ਇੱਕ ਅਧਿਕਾਰੀ ਨੇ ਕਿਹਾ ਕਿ, ਇਸ ਐਲਾਨ ਤੋਂ ਬਾਅਦ ਹੁਣ ਉਨ੍ਹਾਂ ਕੋਲ ਪੂਰੇ ਅਧਿਕਾਰ ਹਨ ਕਿ, ਜੰਗਲਾਂ ਦੀ ਅੱਗ ਨਾਲ ਨਜਿੱਠਣ ਅਤੇ ਲੋਕਾਂ ਨੂੰ ਸੁਰਖਿਅਤ ਰੱਖਣ ਲਈ ਉਹ ਹਰ ਜ਼ਰੂਰੀ ਕਦਮ ਚੁੱਕ ਸਕਦੇ ਹਨ। ਬੀਸੀ ਵਾਇਲਡਫਾਇਰ ਸੇਵਾ ਵੱਲੋਂ ਕੀਤੀ ਸਿਫਾਰਿਸ਼ ਤੋਂ ਬਾਅਦ, ਪਬਲਿਕ ਸੇਫਟੀ ਮੰਤਰੀ ਮਾਈਕ ਫਾਰਨਵਰਥ ਨੇ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ।
ਅੰਕੜਿਆਂ ਮੁਤਾਬਕ ਮੰਗਲਵਾਰ ਤਕ ਸੂਬੇ ਵਿੱਚ 566 ਥਾਵਾਂ 'ਤੇ ਅੱਗ ਲੱਗੇ ਹੋਣ ਦੀਆਂ ਖ਼ਬਰਾਂ ਸਨ। 29 ਵਾਰ ਜਾਰੀ ਕੀਤੇ ਗਏ ਘਰ ਖਾਲੀ ਕਰਨ ਦੇ ਨਿਰਦੇਸ਼ਾਂ ਕਾਰਨ, 3,000 ਤੋਂ ਵਧੇਰੇ ਲੋਕਾਂ ਨੂੰ ਆਪਣੇ ਮਕਾਨ ਖਾਲੀ ਕਰਨੇ ਪਏ ਹਨ। ਹੁਣ 48 ਵਾਰ ਘਰ ਖਾਲੀ ਕਰਨ ਦੀਆਂ ਚੇਤਾਵਨੀਆਂ ਵੀ ਜਾਰੀ ਕੀਤੀਆਂ ਗਈਆਂ ਹਨ, ਜਿਸ ਕਰਕੇ ਕਰੀਬ 19,000 ਲੋਕ ਪ੍ਰਭਾਵਿਤ ਹੋਏ ਹਨ।