ਬਰਲਿਨ: ਜਰਮਨੀ ਦੀ ਰਾਜਧਾਨੀ ਬਰਲਿਨ 'ਚ ਰਹਿਣ ਵਾਲੀ 30 ਸਾਲਾਂ ਦੀ ਮਹਿਲਾ ਬੋਇੰਗ 737-800 ਨਾਲ ਮਾਰਚ 'ਚ ਵਿਆਹ ਕਰੇਗੀ। ਵਿਆਹ ਐਮਸਟਰਡਰਮ 'ਚ ਹੋਵੇਗਾ। ਉਸ ਨੇ ਪਹਿਲੀ ਵਾਰ ਬੋਇੰਗ ਜਹਾਜ਼ ਨੂੰ ਟੇਗਲ ਏਅਰਪੋਰਟ 'ਤੇ ਮਾਰਚ 2014 'ਚ ਦੇਖਿਆ ਸੀ। ਉਸ ਸਮੇਂ ਤੋਂ ਹੀ ਉਹ ਜਹਾਜ਼ ਨਾਲ ਪਿਆਰ ਕਰਨ ਲੱਗ ਪਈ ਸੀ ਤੇ ਵਿਆਹ ਕਰਾਉਣ ਦਾ ਮਨ ਬਣਾ ਲਿਆ ਸੀ। ਮਹਿਲਾ ਦਾ ਨਾਂ ਮਿਸ਼ੇਲ ਕੋਬਕੇ ਹੈ।


ਜਹਾਜ਼ ਨਾਲ ਦੂਰੀ ਘੱਟ ਮਹਿਸੂਸ ਹੋਵੇ ਇਸ ਲਈ ਉਸ ਨੇ ਇੱਕ ਜਹਾਜ਼ ਦਾ ਖਿਡਾਉਣਾ ਮਾਡਲ ਵੀ ਰੱਖਿਆ ਹੋਇਆ ਹੈ ਤੇ ਉਸ ਨਾਲ ਹੀ ਸੌਂਦੀ ਹੈ। ਮਿਸ਼ੇਲ ਦਾ ਕਹਿਣਾ ਹੈ ਕਿ ਉਸ ਦੇ ਇਸ ਅਨੌਖੇ ਰਿਸ਼ਤੇ ਤੋਂ ਪਰਿਵਾਰ ਨੂੰ ਕੋਈ ਦਿੱਕਤ ਨਹੀਂ। ਹਾਲਾਂਕਿ ਕੁਝ ਦੋਸਤ ਉਸ ਨੂੰ ਕਹਿੰਦੇ ਹਨ ਕਿ ਉਸ ਨੂੰ ਇੱਕ ਤਰ੍ਹਾਂ ਦਾ ਡਿਸਆਰਡਰ ਹੈ।


ਮਿਸ਼ੇਲ ਦਾ ਕਹਿਣਾ ਹੈ ਕਿ 2011 'ਚ ਉਹ ਇੱਕ ਵਿਅਕਤੀ ਨਾਲ ਰਿਲੇਸ਼ਨਸ਼ਿਪ 'ਚ ਸੀ, ਪਰ ਉਨ੍ਹਾਂ ਵਿੱਚ ਪਿਆਰ ਨਹੀਂ ਹੋ ਸਕਿਆ। ਇਸ ਘਟਨਾ ਨੇ ਉਸ ਨੂੰ ਤੋੜ ਦਿੱਤਾ ਸੀ। ਹੁਣ ਇਹ ਜਹਾਜ਼ ਹੀ ਉਸ ਦਾ ਪਹਿਲਾ ਪਿਆਰ ਹੈ। ਹਰੇਕ ਏਅਰਕ੍ਰਾਫਟ ਵੱਖਰਾ ਹੁੰਦਾ ਹੈ, ਪਰ ਉਸ ਦਾ ਬੋਇੰਗ 737-800 ਪਲੇਨ ਸਭ ਤੋਂ ਵੱਖਰਾ ਹੈ। ਉਸ ਦਾ ਕਹਿਣਾ ਹੈ ਕਿ ਉਸ ਦੇ ਪਿਆਰ ਨੂੰ ਸਮਝਣਾ ਆਸਾਨ ਨਹੀਂ, ਕਿਉਂਕਿ ਉਹ ਉਸ ਨੂੰ ਸਿਰਫ ਸਫਰ ਕਰਨ ਸਮੇਂ ਹੀ ਮਿਲ ਸਕਦੀ ਹੈ।