1 ਅਮਰੀਕੀ ਰਾਸ਼ਟਰਪਤੀ ਉਮੀਦਵਾਰ ਡੋਨਲਡ ਟਰੰਪ ਨੇ ਹੋਲੀ ਰਫ਼ਤਾਰ ਨਾਲ ਆਰਥਿਕ ਪ੍ਰਗਤੀ ਲਈ ਰਾਸ਼ਟਰਪਤੀ ਬਰਾਕ ਓਬਾਮਾ ਦੀ ਆਲੋਚਨਾ ਕੀਤੀ ਅਤੇ ਕਿਹਾ ਜਦੋਂ ਭਾਰਤ ਵਰਗਾ ਵੱਡਾ ਦੇਸ਼ 8 ਫ਼ੀਸਦੀ ਵਿਕਾਸ ਦਰ ਨਾਲ ਵੱਧ ਸਕਦਾ ਹੈ ਤਾਂ ਅਮਰੀਕਾ ਕਿਉਂ ਨਹੀਂ?
2 ਐਫ ਬੀ ਆਈ ਡਾਇਰੈਕਟਰ ਜੇਮਸ ਕੋਮੇ ਨੇ ਅਮਰੀਕੀ ਸੰਸਦ ਨੂੰ ਸੂਚਨਾ ਦਿੱਤੀ ਹੈ ਕਿ ਏਜੰਸੀ ਹਿਲੇਰੀ ਕਲਿੰਟਨ ਦੀ ਈ-ਮੇਲ ਦੀ ਜਾਂਚ ਫਿਰ ਤੋਂ ਸ਼ੁਰੂ ਕਰ ਰਹੀ ਹੈ। ਬੀਬੀ ਸੀ ਦੀ ਖ਼ਬਰ ਮੁਤਾਬਿਕ ਜੇਮਸ ਨੇ ਕਿਹਾ ਜਾਂਚ ਕਰਤਾਵਾਂ ਦੇ ਹੱਥ ਕੁੱਝ ਅਜਿਹੇ ਈ-ਮੇਲ ਲੱਗੇ ਹਨ ਜੋ ਕਾਫ਼ੀ ਅਹਿਮ ਹਨ।
3 ਭਾਰਤੀ ਮੂਲ ਦੇ ਕਾਰੋਬਾਰੀ ਨੂੰ ਹਵਾਈ ਜਹਾਜ਼ ਦੌਰਾਨ ਇੱਕ ਲੜਕੀ ਨਾਲ ਛੇੜਖ਼ਾਨੀ ਕਰਨ ਦੇ ਦੋਸ਼ ਵਿੱਚ ਹੁਣ ਜੇਲ੍ਹ ਦੀ ਹਵਾ ਖਾਣੀ ਪਵੇਗੀ। ਇੰਗਲੈਂਡ ਦੀ ਅਦਾਲਤ ਨੇ ਉਸ ਸੁਮਨ ਦਾਸ ਨੂੰ 20 ਹਫ਼ਤਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਇਹ ਮਾਮਲਾ ਜੁਲਾਈ ਦਾ ਹੈ ਜਦੋਂ ਦੋਹਾ ਤੋਂ ਮਾਨਚੈਸਟਰ ਵਲ ਉਡਾਣ ਆ ਰਹੀ ਸੀ। ਹਾਲਾਂਕਿ ਕਾਰੋਬਾਰੀ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ


4 ਸੰਯੁਕਤ ਰਾਸ਼ਟਰ ਅਨੁਸਾਰ ਨਾਈਜੀਰੀਆ ਵਿੱਚ ਸੈਨਾ ਨੇ ਇੱਕ ਸਮਝੌਤੇ ਤਹਿਤ ਆਪਣੀ ਹਿਰਾਸਤ ਵਿੱਚ ਲਏ 876 ਬੱਚਿਆਂ ਨੂੰ ਰਿਹਾਅ ਕਰ ਦਿੱਤਾ ਹੈ। ਬੀਬੀ ਸੀ ਦੀ ਖ਼ਬਰ ਮੁਤਾਬਿਕ ਇਹਨਾਂ ਬੱਚਿਆਂ ਨੂੰ ਅੱਤਵਾਦੀ ਸਮੂਹ ਬੋਕੋ ਹਰਾਮ ਨਾਲ ਸੰਭਾਵਿਤ ਸੰਬੰਧਾਂ ਕਾਰਨ ਸੈਨਾ ਨੇ ਫੜਿਆ ਸੀ ਜੋ ਬੋਕੋ ਦੇ ਕਬਜ਼ੇ ਵਾਲੇ ਇਲਾਕੇ ਵਿੱਚ ਰਹਿੰਦੇ ਸਨ।

5 .ਅਮਰੀਕੀ ਗੀਤਕਾਰ ਬੌਬ ਡਿਲਨ ਨੇ ਆਪਣੀ ਚੁੱਪੀ ਤੋੜਦੇ ਹੋਏ ਆਖਿਆ ਹੈ ਕਿ ਉਹ ਸਾਹਿਤ ਦਾ ਨੋਬਲ ਪੁਰਸਕਾਰ ਸਵੀਕਾਰ ਕਰਨਗੇ ਅਤੇ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਉਹ ਇਸ ਨੂੰ ਆਪਣੇ ਹੱਥਾਂ ਨਾਲ ਸਵੀਕਾਰ ਕਰਨਗੇ। ਸਨਮਾਨਿਤ ਹੋਣ ਮਗਰੋਂ ਇਹ ਉਨ੍ਹਾਂ ਦੀ ਪਹਿਲੀ ਪ੍ਰਤੀਕ੍ਰਿਆ ਹੈ ਜਦਕਿ ਇਸ ਤੋਂ ਪਹਿਲਾਂ ਉਨ੍ਹਾਂ ਦੀ ਖ਼ਾਮੋਸ਼ੀ ਤੇ ਸਵਾਲ ਉੱਠ ਰਹੇ ਸਨ।

6 ਸੰਯੁਕਤ ਰਾਸ਼ਟਰ ਮੁਤਾਬਿਕ ਇਸਲਾਮਿਕ ਸਟੇਟ ਦੇ ਚਰਮਪੰਥੀਆਂ ਨੇ ਇਰਾਕ ਦੇ ਮਸੂਲ ਸ਼ਹਿਰ ਤੋਂ ਹਜ਼ਾਰਾਂ ਆਮ ਲੋਕਾਂ ਨੂੰ ਅਗਵਾ ਕਰ ਲਿਆ ਹੈ ਅਤੇ ਕੱਟੜਪੰਥੀਆਂ ਉਨ੍ਹਾਂ ਨੂੰ ਆਪਣੀ ਢਾਲ ਦੇ ਤੌਰ ਉੱਤੇ ਇਸਤੇਮਾਲ ਕਰ ਰਹੇ ਹਨ। ਇਰਾਕੀ ਸੈਨਾ ਮੋਸੂਲ ਚ ਆਈ ਐੱਸ ਵਿਰੁੱਧ ਕਾਰਵਾਈ ਕਰ ਰਹੀ ਹੈ।

7 ਸ਼ਿਕਾਗੋ ਦੇ ਓਹਾਰੇ ਇੰਟਰਨੈਸ਼ਨਲ ਏਅਰਪੋਰਟ ਉੱਤੇ ਅਮਰੀਕਨ ਏਅਰਲਾਈਸ ਦੇ ਇੱਕ ਜਹਾਜ਼ ਦਾ ਟਾਇਰ ਫੱਟ ਗਿਆ। ਜਿਸ ਮਗਰੋਂ ਜਹਾਜ਼ ਵਿੱਚ ਅੱਗ ਲੱਗ ਗਈ। ਇਸ ਤੋਂ ਬਾਅਦ ਮੁਸਾਫ਼ਰਾਂ ਨੂੰ ਐਮਰਜੈਂਸੀ ਗੇਟ ਰਾਹੀਂ ਤੁਰੰਤ ਬਾਹਰ ਕੱਢਿਆ ਗਿਆ। ਜਾਣਕਾਰੀ ਮੁਤਾਬਿਕ ਹਾਦਸੇ ਵਿੱਚ 20 ਲੋਕ ਜ਼ਖਮੀ ਹੋਏ ਹਨ ਜਦਕਿ ਕੁਲ 170 ਲੋਕ ਸਵਾਰ ਸਨ।

8 ਅਮਰੀਕਾ ਵਿੱਚ ਸਿੱਖ ਬਜ਼ੁਰਗ ਅਮਰੀਕ ਸਿੰਘ ਬੱਲ ਉੱਪਰ ਨਸਲੀ ਹਮਲਾ ਕਰਨ ਦੇ ਮਾਮਲੇ ਵਿੱਚ ਜਿਊਰੀ ਨੇ 23 ਸਾਲਾ ਨੌਜਵਾਨ ਨੂੰ ਦੋਸ਼ੀ ਕਰਾਰ ਦਿੱਤਾ ਹੈ। ਬੀਤੇ ਸਾਲ ਦਸੰਬਰ ਵਿੱਚ ਡੈਨੀਅਲ ਕੋਰੋਨੇਲ ਵਿਲਸਨ ਨੇ ਕੈਲੇਫੋਰਨੀਆ ਦੇ ਫਰੈਜ਼ਨੋ ਇਲਾਕੇ ਵਿੱਚ ਸਿੱਖ ਹੋਣ ਕਾਰਨ ਬੱਲ ਨੂੰ ਅਤਿਵਾਦੀ ਸਮਝ ਕੇ ਉਸ ਉੱਤੇ ਹਮਲਾ ਕਰ ਦਿੱਤਾ ਸੀ।