1…ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਦੇ ਪ੍ਰਚਾਰ ਅਭਿਆਨ ਦੌਰਾਨ ਸੁਰੱਖਿਆ ਕਰਮੀ ਅਚਾਨਕ ਉਨ੍ਹਾਂ ਨੂੰ ਸਟੇਜ ਤੋਂ ਲੈ ਗਏ। ਦਰਅਸਲ ਸ਼ੱਕੀ ਹਾਲਾਤ ਤੇ ਹੰਗਾਮੇ ਕਾਰਨ ਇਹ ਕਾਰਵਾਈ ਕੀਤੀ ਗਈ। ਹਾਲਾਂਕਿ ਬਾਅਦ ਵਿੱਚ ਕੋਈ ਬੰਦੂਕ ਨਹੀਂ ਮਿਲੀ ਤੇ ਟਰੰਪ ਕੁਝ ਦੇਰ ਮਗਰੋਂ ਵਾਪਸ ਮੰਚ 'ਤੇ ਆ ਗਏ। ਪੁਲਿਸ ਨੇ ਇੱਕ ਸ਼ਖਸ ਨੂੰ ਹਿਰਾਸਤ ਵਿੱਚ ਲਿਆ ਜਿਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। 2….ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਦੀ ਪਤਨੀ ਮੇਲਾਨੀਆ ਟਰੰਪ ਉੱਤੇ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਨ ਦਾ ਇਲਜ਼ਾਮ ਹੈ। ਮਾਮਲਾ ਵੀਹ ਸਾਲ ਪੁਰਾਣਾ ਹੈ। ਖੁਲਾਸੇ ਮੁਤਾਬਕ ਮੇਲਾਨੀਆ ਨੂੰ ਅਮਰੀਕਾ ਵਿੱਚ ਕੰਮ ਕਰਨ ਦੀ ਇਜਾਜ਼ਤ ਮਿਲਣ ਤੋਂ ਪਹਿਲਾਂ ਮਾਡਲਿੰਗ ਲਈ 20,056 ਡਾਲਰ ਅਦਾ ਕੀਤੇ ਗਏ ਸਨ ਜਦਕਿ ਉਨ੍ਹਾਂ ਨੂੰ ਪੈਸੇ ਲੈ ਕੇ ਕੰਮ ਕਰਨ ਦੀ ਇਜਾਜ਼ਤ ਨਹੀਂ ਸੀ। 3….ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਕਰਵਾਏ ਗਏ ਤਾਜ਼ਾ ਸਰਵੇਖਣ ਮੁਤਾਬਕ ਡੈਮੋਕ੍ਰੇਟਿਕ ਉਮੀਦਵਾਰ ਹਿਲੇਰੀ ਕਲਿੰਟਨ ਆਪਣੇ ਵਿਰੋਧੀ ਟਰੰਪ ਤੋਂ ਸਿਰਫ 2 ਅੰਕ ਅੱਗੇ ਹੈ। 8 ਨਵੰਬਰ ਚੋਣਾਂ ਵਿੱਚ 20 ਕਰੋੜ ਮਤਦਾਤਾ ਆਪਣੀ ਵੋਟ ਦਾ ਇਸਤੇਮਾਲ ਕਰਨਗੇ। 4...1984 ਸਿੱਖ ਨਸਲ਼ਕੁਸ਼ੀ ਦੀ ਯਾਦ ‘ਚ ਮਾਰਚ ਆਸਟ੍ਰੇਲੀਆ ਦੇ ਮੈਟਰੋ ਸ਼ਹਿਰ ‘ਚ ਆਸਟ੍ਰੇਲੀਆ ਸਮੇਂ ਮੁਤਾਬਕ ਦੁਪਹਿਰ 2 ਵਜੇ ਤੋਂ 6 ਵਜੇ ਤੱਕ ਕੱਢਿਆ ਜਾਵੇਗਾ। ਇਹ ਮਾਰਚ ਸਿਟੀ ਚੌਕ ਤੋਂ ਸ਼ੁਰੂ ਹੋ ਕੇ ਫ਼ਲੈਗ ਸਟਾਫ਼ ਗਾਰਡਰਨਜ਼ ‘ਤੇ ਜਾ ਕੇ ਸਮਾਪਤ ਹੋਵੇਗਾ। 5...ਫਿਲੀਪੀਨ ‘ਚ ਡਰੱਗਜ਼ ਦੇ ਧੰਦੇ ਨਾਲ ਸਬੰਧ ਰੱਖਣ ਵਾਲੇ ਮੇਅਰ ਨੂੰ ਪੁਲਿਸ ਨੇ ਜੇਲ੍ਹ ਵਿੱਚ ਗੋਲੀ ਮਾਰ ਦਿੱਤੀ। ਪੁਲਿਸ ਮੁਤਾਬਕ ਅਲਬੇਯੁਰਾ ਦੇ ਮੇਅਰ ਰੋਨਾਲਡੋ ਐਸਪੀਨੋਸਾ ਨੇ ਜੇਲ੍ਹ ਕੋਠੜੀ ਵਿੱਚ ਬੰਦੂਕ ਰੱਖੀ ਹੋਈ ਸੀ ਜਦੋਂ ਪੁਲਿਸ ਉਸ ਦੀ ਤਲਾਸ਼ੀ ਲੈ ਰਹੀ ਸੀ ਤਾਂ ਉਸ ਨੇ ਗੋਲੀ ਚਲਾ ਦਿੱਤੀ। ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਰੋਨਾਲਡੋ ਮਾਰਿਆ ਗਿਆ। 6…..ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਵੀ ਪ੍ਰਦੂਸ਼ਣ ਕਾਰਨ ਦਿਨ ਵਿੱਚ ਹੀ ਹਨੇਰਾ ਛਾ ਗਿਆ ਤੇ ਵਿਜ਼ੀਬਿਲਟੀ 50 ਮੀਟਰ ਤੋਂ ਵੀ ਘੱਟ ਹੋ ਗਈ। ਕਰੀਬ ਦੋ ਕਰੋੜ ਲੋਕ ਘਰਾਂ ਵਿੱਚ ਬੰਦ ਰਹਿਣ ਲਈ ਮਜਬੂਰ ਹੋ ਗਏ। 7…..ਪਾਕਿਸਤਾਨ ਦੇ ਸ਼ਹਿਰ ਲਾਹੌਰ 'ਤੇ ਵੀ ਪ੍ਰਦੂਸ਼ਣ ਦੀ ਮਾਰ ਪਈ ਹੈ। ਘੱਟ ਵਿਜ਼ੀਬਿਲਟੀ ਕਾਰਨ ਇੱਥੇ ਸੜਕ ਹਾਦਸੇ ਦੌਰਾਨ 20 ਲੋਕਾਂ ਦੀ ਜਾਨ ਚਲੇ ਗਈ। 8...ਪਾਕਿਸਤਾਨ ਦੇ ਰਾਵਲ ਪਿੰਡੀ ਵਿੱਚ ਸੈਨਾ ਮੁਖੀ ਰਾਹਿਲ ਸ਼ਰੀਫ ਦੇ ਸਮਰਥਨ ਵਿੱਚ ਪੋਸਟਰ ਲਾਏ ਗਏ ਹਨ ਜਿਸ ਰਾਹੀਂ 2018 ਵਿੱਚ ਪ੍ਰਧਾਨ ਮੰਤਰੀ ਚੋਣਾਂ ਲੜਨ ਦੀ ਮੰਗ ਕੀਤੀ ਗਈ।