1...ਅਮਰੀਕਾ ਦੇ ਸੂਬੇ ਟੈਨੇਸੀ ਦੇ ਚੱਟਨੂਗਾ ਵਿੱਚ ਇੱਕ ਸਕੂਲ ਬੱਸ ਦੇ ਦਰਖਤ ਨਾਲ ਟਕਰਾਉਣ ਕਾਰਨ 6 ਸਕੂਲੀ ਬੱਚਿਆਂ ਦੀ ਮੌਤ ਹੋ ਗਈ ਤੇ ਕਈ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਤੇਜ਼ ਰਫਤਾਰੀ ਨੂੰ ਹਾਦਸੇ ਦੀ ਵਜ੍ਹਾ ਦੱਸਿਆ ਜਾ ਰਿਹਾ ਹੈ। Woodmore elementary school ਦੀ ਇਸ ਬੱਸ 'ਚ 5 ਤੋਂ 10 ਸਾਲ ਦੀ ਉਮਰ ਤੱਕ ਦੇ ਕਰੀਬ 35 ਬੱਚੇ ਸਵਾਰ ਸਨ। ਪੁਲਿਸ ਵੱਲੋਂ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।


2...ਉੱਤਰੀ ਜਾਪਾਨ ‘ਚ ਸਥਾਨਕ ਸਮੇਂ ਅਨੁਸਾਰ ਅੱਜ ਸਵੇਰੇ 6 ਵੱਜ ਕੇ 38 ਮਿੰਟ ‘ਤੇ ਰੀਐਕਟਰ ਪੈਮਾਨੇ 6.9 ਤੀਬਰਤਾ ਦਾ ਜ਼ਬਰਦਸਤ ਭੁਚਾਲ ਆਇਆ। ਇਸ ਨਾਲ ਇੱਕ ਮੀਟਰ ਉੱਚੀਆਂ ਸੁਨਾਮੀ ਲਹਿਰਾਂ ਫੁਕੂਸ਼ੀਮਾ ਦੇ ਤੱਟ ‘ਤੇ ਉੱਠਦੀਆਂ ਦੇਖੀਆਂ ਗਈਆਂ। ਇਸ ਭੂਚਾਲ ਕਾਰਨ 6 ਲੋਕ ਜ਼ਖਮੀ ਵੀ ਹੋਏ ਹਨ। ਸੁਨਾਮੀ ਕਾਰਨ ਸਮੁੰਦਰ ਵਿੱਚ 10 ਫੁੱਟ ਉੱਚੀਆਂ ਲਹਿਰਾਂ ਉੱਠੀਆਂ। ਭੂਚਾਲ ਦਾ ਕਾਰਨ ਫੁਕੂਸ਼ੀਮਾ ਦੇ ਨੇੜੇ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਦਰਜ ਕੀਤਾ ਗਿਆ ਹੈ। ਇਸ ਭੂਚਾਲ ਕਾਰਨ ਜਾਪਾਨ ਦੇ ਪ੍ਰਮਾਣੂ ਪਲਾਂਟ ਦੇ ਕੂਲਿੰਗ ਅਪ੍ਰੇਸ਼ਨ ਉੱਤੇ ਵੱਡਾ ਅਸਰ ਪਿਆ ਹੈ।

3...2011 ਵਿੱਚ ਵੀ ਸੁਨਾਮੀ ਦੇ ਕਾਰਨ ਪ੍ਰਮਾਣੂ ਪਲਾਂਟ ਨੂੰ ਵੱਡਾ ਨੁਕਸਾਨ ਪਹੁੰਚਿਆ ਸੀ। ਇਸ ਤੋਂ ਬਾਅਦ ਪਲਾਂਟ ਨੂੰ ਕਾਫ਼ੀ ਸਮੇਂ ਤੱਕ ਬੰਦ ਰੱਖਿਆ ਗਿਆ। ਭੂਚਾਲ ਇੰਨਾ ਜ਼ਬਰਦਸਤ ਸੀ ਕਿ ਇਸ ਦੇ ਝਟਕੇ ਟੋਕੀਓ ਤੋਂ ਮਹਿਸੂਸ ਕੀਤੇ ਗਏ। ਭੂਚਾਲ ਤੋਂ ਬਾਅਦ ਲੋਕ ਆਪਣੇ ਘਰਾਂ ਤੋਂ ਬਾਹਰ ਆ ਕੇ ਸੁਰੱਖਿਅਤ ਥਾਵਾਂ ਉੱਤੇ ਚਲੇ ਗਏ।

4....ਰੂਸ, ਜਾਪਾਨ ਤੇ ਫਰਾਂਸ ਨੇ ਉਤਰ ਪ੍ਰਦੇਸ਼ ਵਿੱਚ ਹੋਏ ਇੰਦੌਰ-ਪਟਨਾ ਐਕਸਪ੍ਰੈਸ ਹਾਦਸੇ ਦੌਰਾਨ ਮਾਰੇ ਗਏ ਲੋਕਾਂ ਪ੍ਰਤੀ ਸੋਗ ਜਤਾਇਆ ਹੈ। ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਇਸ ਮੁਸ਼ਕਲ ਘੜੀ ਵਿੱਚ ਹਰ ਸੰਭਵ ਮਦਦ ਦੀ ਪੇਸ਼ਕਸ਼ ਕੀਤੀ ਹੈ।

5….ਬੀਬੀਸੀ ਦੀ ਖਬਰ ਮੁਤਾਬਕ ਲੀਬੀਆ ਦੇ ਸਥਾਨਕ ਮੀਡੀਆ ਨੇ ਖਬਰ ਦਿੱਤੀ ਹੈ ਕਿ ਇੱਕ ਬਾਂਦਰ ਵੱਲੋਂ ਕੁੜੀ ਤੇ ਹਮਲਾ ਕਰਨ ਦੇ ਚਲਦੇ 2 ਕਬੀਲਿਆਂ ਵਿੱਚ ਹਿੰਸਕ ਝੜਪ ਹੋਈ। ਇਸ ਮਗਰੋਂ 20 ਲੋਕਾਂ ਦੀ ਮੌਤ ਹੋ ਗਈ। ਹਮਲਾਵਰ ਬਾਂਦਰ ਗਦਾਫਾ ਕਬੀਲੇ ਦਾ ਸੀ ਜਦਕਿ ਪੀੜਤ ਕੁੜੀ ਔਲਾਦ ਕਬੀਲੇ ਨਾਲ ਸਬੰਧਤ ਸੀ।

6...ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਸੀਰੀਆ ਵਿੱਚ ਬੰਧਕ ਵਾਂਗ ਰਹਿ ਰਹੇ ਲੋਕਾਂ ਦੀ ਗਿਣਤੀ ਇਸ ਸਾਲ ਵਧ ਕੇ ਕਰੀਬ ਦੁਗਣੀ ਯਾਨੀ 10 ਲੱਖ ਹੋ ਗਈ ਹੈ। ਬੀਬੀਸੀ ਦੀ ਖਬਰ ਮੁਤਾਬਕ ਸੰਯੁਕਤ ਰਾਸ਼ਟਰ ਦੇ ਅਧਿਕਾਰੀ ਸਟੀਫਨ ਓ ਬ੍ਰਾਇਨ ਨੇ ਇਹ ਜਾਣਕਾਰੀ ਦਿੱਤੀ ਹੈ।

7....ਇੱਕ ਆਤਮਘਾਤੀ ਹਮਲਾਵਰ ਨੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਸ਼ੀਆ ਮੁਸਲਿਮ ਮਸਜਿਦ ਵਿੱਚ ਧਮਾਕਾ ਕਰ ਘੱਟੋ-ਘੱਟ 27 ਲੋਕਾਂ ਦੀ ਜਾਨ ਲੈ ਲਈ। ਬੀਬੀਸੀ ਦੀ ਖਬਰ ਮੁਤਾਬਕ ਬੀਤੇ ਦਿਨ ਹੋਏ ਇਸ ਧਮਾਕੇ ਵਿੱਚ 35 ਹੋਰ ਲੋਕ ਜ਼ਖਮੀ ਹੋਏ ਹਨ।