ਇਸਲਾਮਾਬਾਦ: ਪਾਕਿਸਤਾਨ ਆਰਮੀ ਚੀਫ਼ ਜਨਰਲ ਰਾਹੀਲ ਸ਼ਰੀਫ਼ ਨੇ ਆਖਿਆ ਹੈ ਕਿ ਦੇਸ਼ ਦੀ ਸੈਨਾ ਹਰ ਤਰ੍ਹਾਂ ਦੀ ਸਥਿਤੀ ਦਾ ਜਵਾਬ ਦੇਣ ਲਈ ਪੂਰੀ ਤਰ੍ਹਾਂ ਸਮਰੱਥ ਹੈ। ਐਲ.ਓ.ਸੀ. ਨੇੜੇ ਸੁਲੇਮਾਨਕੀ ਸੈਕਟਰ ਵਿੱਚ ਸੈਨਾ ਦੇ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਪਹੁੰਚੇ ਪਾਕਿਸਤਾਨੀ ਸੈਨਾ ਦੇ ਮੁਖੀ ਨੇ ਭਾਰਤ ਦਾ ਨਾਮ ਲਏ ਬਿਨਾਂ ਆਖਿਆ ਦੇਸ਼ ਦੀ ਸੈਨਾ ਹਰ ਤਰ੍ਹਾਂ ਦੇ ਹਮਲੇ ਦਾ ਮੂੰਹਤੋੜ ਜਵਾਬ ਦੇਣ ਦੇ ਪੂਰੀ ਤਰ੍ਹਾਂ ਸਮਰੱਥ ਹੈ।


ਉਨ੍ਹਾਂ ਆਖਿਆ ਕਿ ਦਹਿਸ਼ਤਵਾਦ ਖ਼ਿਲਾਫ਼ ਲੜਾਈ ਵਿੱਚ ਉਨ੍ਹਾਂ ਨੂੰ ਵੱਡੀ ਕਾਮਯਾਬੀ ਮਿਲ ਰਹੀ ਹੈ। ਰਾਹੀਲ ਸ਼ਰੀਫ਼ 29 ਨਵੰਬਰ ਨੂੰ ਸੇਵਾ ਮੁਕਤ ਹੋ ਜਾ ਰਹੇ ਹਨ। ਉਨ੍ਹਾਂ ਸੈਨਿਕਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਉਨ੍ਹਾਂ ਨੂੰ ਕੁਰਬਾਨੀ ਦੀ ਵਿਰਾਸਤ ਨੂੰ ਅੱਗੇ ਵਧਾਉਣ ਲਈ ਤਿਆਰ ਰਹਿਣਾ ਚਾਹੀਦਾ ਹੈ। ਰਾਹੀਲ ਸ਼ਰੀਫ਼ ਅਨੁਸਾਰ ਦਹਿਸ਼ਤਵਾਦ ਖ਼ਿਲਾਫ਼ ਲੜਾਈ ਵਿੱਚ ਸੈਨਾ ਨੂੰ ਕਾਮਯਾਬੀਆਂ ਮਿਲ ਰਹੀਆਂ ਹਨ। ਯਾਦ ਰਹੇ ਕਿ ਐਲ.ਓ.ਸੀ. ਉੱਤੇ ਦੋਹਾਂ ਦੇਸ਼ਾਂ ਵਿੱਚ ਲਗਾਤਾਰ ਤਣਾਅ ਚੱਲ ਰਿਹਾ ਹੈ।

ਦੋਹਾਂ ਪਾਸਿਆਂ ਤੋਂ ਰੋਜ਼ਾਨਾ ਫਾਇਰਿੰਗ ਹੋ ਰਹੀ ਹੈ। ਪਿਛਲੇ ਦਿਨੀਂ ਭਾਰਤ ਵੱਲੋਂ ਕੀਤੀ ਗਈ ਕਾਰਵਾਈ ਵਿੱਚ ਸੱਤ ਪਾਕਿਸਤਾਨ ਸੈਨਿਕਾਂ ਦੀ ਮੌਤ ਹੋ ਗਈ ਸੀ। ਉਸ ਸਮੇਂ ਵੀ ਰਾਹੀਲ ਸ਼ਰੀਫ਼ ਨੇ ਭਾਰਤ ਨੂੰ ਧਮਕੀ ਦਿੰਦੇ ਹੋਏ ਆਖਿਆ ਸੀ ਕਿ ਇਸ ਦਾ ਬਦਲਾ ਲਿਆ ਜਾਵੇਗਾ।