ਬਲਕਾਨ ਦੀ ‘ਨਾਸਤ੍ਰੇਦਾਮਸ’ ਵਜੋਂ ਪ੍ਰਸਿੱਧ ਭਵਿੱਖਬਾਣੀ ਕਰਨ ਵਾਲੀ ਬਾਬਾ ਵੈਂਗਾ ਨੇ ਆਉਣ ਵਾਲੇ ਸਾਲ 2021 ਲਈ ਕਈ ਭਵਿੱਖਬਾਣੀਆਂ ਕੀਤੀਆਂ ਹਨ। ਉਨ੍ਹਾਂ ਮੁਤਾਬਕ ਅਗਲਾ ਸਾਲ ਮਨੁੱਖਤਾ ਲਈ ਖ਼ਤਰਨਾਕ ਸਿੱਧ ਹੋਵੇਗਾ। ਦੱਸ ਦੇਈਏ ਕਿ ਬਾਬਾ ਵੈਂਗਾ 86 ਸਾਲ ਦੀ ਉਮਰ ਵਿੰਚ 1996 ’ਚ ਹੀ ਦੁਨੀਆ ਨੂੰ ਅਲਵਿਦਾ ਆਖ ਗਏ ਸਨ। ਉਨ੍ਹਾਂ 9/11 ਦੇ ਹਮਲੇ, ਬ੍ਰੈਗਜ਼ਿਟ ਸੰਕਟ ਸਮੇਤ ਦੁਨੀਆ ’ਚ ਵਾਪਰ ਚੁੱਕੀਆਂ ਘਟਨਾਵਾਂ ਦੀ ਪਹਿਲਾਂ ਹੀ ਬਿਲਕੁਲ ਸਹੀ ਭਵਿੱਖਬਾਣੀ ਕੀਤੀ ਸੀ।

2021 ਬਾਰੇ ਉਹ ਆਖ ਚੁੱਕੇ ਹਨ ਕਿ ਦੁਨੀਆ ਨੂੰ ਇਸ ਨਵੇਂ ਸਾਲ ਦੌਰਾਨ ਬਹੁਤ ਸਾਰੀਆਂ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰਨਾ ਪਵੇਗਾ। ਇੱਕ ਵੱਡਾ ਸ਼ੈਤਾਨ ਮਨੁੱਖਤਾ ਉੱਤੇ ਕਬਜ਼ਾ ਕਰ ਲਵੇਗਾ। ਜਾਣਕਾਰਾਂ ਮੁਤਾਬਕ ਬਾਵਾ ਵੈਂਗਾ ਨੇ ਇੰਝ ਚੀਨ ਵੱਲ ਇਸ਼ਾਰਾ ਕੀਤਾ ਹੈ।

ਉਨ੍ਹਾਂ ਇਹ ਵੀ ਕਿਹਾ ਹੈ ਕਿ ਪੈਟਰੋਲੀਅਮ ਉਤਪਾਦਨ ਰੁਕਣ ਤੋਂ ਬਾਅਦ ਰੇਲ–ਗੱਡੀ ਸੂਰਜ ਦੀ ਰੌਸ਼ਨੀ ਦੇ ਸਹਾਰੇ ਹਵਾ ’ਚ ਉੱਡੇਗੀ। ਉਨ੍ਹਾਂ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਕੋਈ ਭੇਤਭਰੀ ਬੀਮਾਰੀ ਘੇਰ ਲਵੇਗੀ, ਜਿਸ ਕਾਰਨ ਉਨ੍ਹਾਂ ਨੂੰ ਕੰਨਾਂ ਤੋਂ ਸੁਣਨਾ ਬੰਦ ਹੋ ਜਾਵੇਗਾ। ਉਨ੍ਹਾਂ ਨੂੰ ਬ੍ਰੇਨ ਟ੍ਰੌਮਾ ਹੋ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਉੱਤੇ ਜਾਨਲੇਵਾ ਹਮਲਾ ਹੋਵੇਗਾ।

ਬਾਬਾ ਵੈਂਗਾ ਦੀ ਭਵਿੱਖਬਾਣੀ ਮੁਤਾਬਕ 2021 ’ਚ ਦੁਨੀਆ ਨੂੰ ਕੈਂਸਰ ਤੋਂ ਛੁਟਕਾਰਾ ਮਿਲ ਜਾਵੇਗਾ ਕਿਉਂਕਿ ਇਸ ਦਾ ਪੱਕਾ ਇਲਾਜ ਲੱਭ ਜਾਵੇਗਾ। ਉਨ੍ਹਾਂ ਇੱਕ ਹੋਰ ਘਟਨਾ ਵੱਲ ਇਸ਼ਾਰਾ ਕਰਦਿਆਂ ਇਹ ਵੀ ਆਖਿਆ ਸੀ ਕਿ 2021 ’ਚ ‘ਤਿੰਨ ਦੈਂਤ ਇੱਕ ਹੋ ਜਾਣਗੇ’।

ਇਹ ਵੀ ਦੱਸ ਦੇਈਏ ਬਾਬਾ ਵੈਂਗਾ ਨੇ ਪਹਿਲਾਂ ਸੋਵੀਅਤ ਸੰਘ ਦੇ ਟੁੱਟਣ, ਇੰਗਲੈਂਡ ਦੀ ਸ਼ਹਿਜ਼ਾਦੀ ਡਾਇਨਾ ਦੀ ਮੌਤ, ਚੇਰਨੋਬਿਲ ਆਫ਼ਤ ਜਿਹੀਆਂ ਕਈ ਭਵਿੱਖਬਾਣੀਆਂ ਪਹਿਲਾਂ ਹੀ ਕਰ ਦਿੱਤੀਆਂ ਸਨ। ਉਨ੍ਹਾਂ ਕਿਹਾ ਸੀ ਕਿ ਬ੍ਰਹਿਮੰਡ 50,79 ’ਚ ਖ਼ਤਮ ਹੋ ਜਾਵੇਗਾ।