ਨਵੀਂ ਦਿੱਲੀ: ਆਰਐਸਐਸ ਦੇ ਮੁਖੀ ਮੋਹਨ ਭਾਗਵਤ ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਆਪਣੀ ਅਮਰੀਕਾ ਫੇਰੀ ਦੌਰਾਨ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੋਵਾਂ ਆਗੂਆਂ ਨੂੰ ਸੱਤ ਤੋਂ ਨੌਂ ਸਤੰਬਰ ਤਕ ਸ਼ਿਕਾਗੋ ਦੌਰੇ ਦੌਰਾਨ ਘੇਰਨ ਲਈ ਈਸਟ ਕੋਸਟ ਦੀ ਸਿੱਖ ਕੋਆਰਡੀਨੇਸ਼ਨ ਕਮੇਟੀ ਨੇ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਹਨ।
ਨਿਊਯਾਰਕ ਆਧਾਰਤ ਸਿੱਖ ਸੰਸਥਾ ਨੇ ਹੋਰ ਹਮਖ਼ਿਆਲੀ ਜਥੇਬੰਦੀਆਂ ਨੂੰ ਵੀ ਲਾਮਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ। ਭਾਗਵਤ ਤੇ ਯੋਗੀ ਨੇ ਸ਼ਿਕਾਗੋ ਦੇ ਹੋਟਲ ਲੋਮਬਾਰਡ ਵਿੱਚ ਭਾਰਤੀ ਮੂਲ ਦੇ ਲੋਕਾਂ ਨਾਲ ਮਿਲਣੀ ਕਰਨੀ ਹੈ।
ਸਿੱਖ ਕਮੇਟੀ ਨੇ ਘਿਰਾਓ ਦੇ ਸੱਦੇ ਦੇ ਪੋਸਟਰਾਂ ਦੇ ਨਾਲ-ਨਾਲ ਦੋਵਾਂ ਹਿੰਦੂ ਲੀਡਰਾਂ ਦੇ ਮਖੌਲੀਏ ਚਿੱਤਰ ਵੀ ਤਿਆਰ ਕੀਤੇ ਹਨ, ਜਿਨ੍ਹਾਂ ਵਿੱਚ ਲਿਖਿਆ ਹੋਇਆ ਹੈ ਕਿ ਅਸੀਂ ਫਿਰ ਨਹੀਂ ਆਵਾਂਗੇ। ਜਥੇਬੰਦੀ ਦਾ ਇਲਜ਼ਾਮ ਹੈ ਕਿ ਦੋਵੇਂ ਲੀਡਰ ਸਿੱਖਾਂ ਦੇ ਓਹਲੇ ਆਪਣਾ ਹਿੰਦੂਤਵ ਦਾ ਪ੍ਰਚਾਰ ਕਰਨ ਲਈ ਆ ਰਹੇ ਹਨ।