ਸਾਲ 2020 ਆਪਣੇ ਆਖਰੀ ਸਟਾਪ 'ਤੇ ਹੈ ਅਤੇ 2021 ਦੀਆਂ ਤਿਆਰੀਆਂ ਪੂਰੀ ਦੁਨੀਆਂ 'ਚ ਪਹਿਲਾਂ ਹੀ ਸ਼ੁਰੂ ਹੋ ਗਈਆਂ ਹਨ। ਨਵੇਂ ਸਾਲ ਦੇ ਸਵਾਗਤ ਦੀ ਸ਼ੁਰੂਆਤ ਵਿਸ਼ੇਸ਼ ਥਾਵਾਂ 'ਤੇ ਆਤਿਸ਼ਬਾਜ਼ੀ, ਪ੍ਰੋਗਰਾਮਾਂ ਅਤੇ ਸਮਾਰੋਹਾਂ ਨਾਲ ਕੀਤੀ ਜਾਂਦੀ ਹੈ। ਦੁਬਈ ਦੇ ਬੁਰਜ ਖਲੀਫਾ 'ਤੇ ਵੀ ਨਵੇਂ ਸਾਲ ਨੂੰ ਆਤਿਸ਼ਬਾਜ਼ੀ ਨਾਲ ਮਨਾਇਆ ਜਾਂਦਾ ਹੈ ਅਤੇ ਵੱਡੀ ਗਿਣਤੀ 'ਚ ਲੋਕ ਸ਼ਾਨਦਾਰ ਨਜ਼ਾਰਾ ਦੇਖਣ ਲਈ ਇਕੱਠੇ ਹੁੰਦੇ ਹਨ। ਪਰ ਇਸ ਸਾਲ ਮਹਾਂਮਾਰੀ ਦੇ ਕਾਰਨ ਅਜਿਹਾ ਕਰਨਾ ਸੰਭਵ ਨਹੀਂ ਲਗ ਰਿਹਾ।
ਤੁਹਾਡੀ ਮੌਜੂਦਗੀ ਨੂੰ ਸੰਭਵ ਬਣਾਉਣ ਲਈ ਬੁਰਜ ਖਲੀਫਾ ਦੀ ਮਾਸਟਰ ਡਿਵੈਲਪਰ ਕੰਪਨੀ ਏਮਾਰ ਨੇ ਜ਼ੂਮ ਵੀਡੀਓ ਕਮਿਊਨੀਕੇਸ਼ਨਜ਼ ਨਾਲ ਭਾਈਵਾਲੀ ਕੀਤੀ ਹੈ। ਇਸ ਦੇ ਜ਼ਰੀਏ ਦੁਬਈ ਤੋਂ ਨਵੇਂ ਸਾਲ ਦੇ ਜਸ਼ਨ ਦਾ ਸਿੱਧਾ ਪ੍ਰਸਾਰਣ ਗਲੋਬਲ ਜ਼ੂਮ ਵੀਡੀਓ ਕਾਲ 'ਤੇ ਹੋਵੇਗਾ। ਕੋਈ ਵੀ 2021 ਦੇ ਬੁਰਜ ਖਲੀਫਾ 'ਤੇ ਹੋਣ ਵਾਲੇ ਇਸ ਪ੍ਰੋਗਰਾਮ ਦਾ ਹਿੱਸਾ ਹੋ ਸਕਦਾ ਹੈ। ਇਸ ਸਬੰਧ 'ਚ ਦੁਨੀਆ ਭਰ ਦੇ 50 ਹਜ਼ਾਰ ਲੋਕਾਂ ਨੂੰ ਜ਼ੂਮ ਵੀਡੀਓ ਕਾਲ 'ਚ ਹਿੱਸਾ ਲੈਣ ਲਈ ਸੱਦਾ ਦਿੱਤਾ ਜਾਵੇਗਾ ਅਤੇ ਨਵੇਂ ਸਾਲ ਦੇ ਪਹਿਲੇ ਜਸ਼ਨ ਦੇ ਨਾਲ ਸਾਲ 2021 'ਚ ਦਾਖਲ ਹੋਣਗੇ।
ਏਮਾਰ ਨਿਊ ਈਅਰ ਈਵ 2021 ਰਾਤ 8:30 ਵਜੇ ਤੋਂ ਗਲੋਬਲ ਸਟੈਂਡਰਡ ਟਾਈਮ ਦੇ ਅਨੁਸਾਰ ਜ਼ੂਮ 'ਤੇ ਦੁਨੀਆ ਭਰ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਇਸ 'ਚ ਦੁਬਈ ਦੇ ਬੁਰਜ ਖਲੀਫਾ ਤੋਂ ਹੋਣ ਵਾਲੇ ਵਿਸ਼ਾਲ ਆਤਿਸ਼ਬਾਜ਼ੀ, ਲਾਈਟ ਅਤੇ ਲੇਜ਼ਰ ਸ਼ੋਅ ਸ਼ਾਮਲ ਹੋਣਗੇ। ਜ਼ੂਮ ਦੇ ਹੈੱਡ ਆਫ ਇੰਟਰਨੈਸ਼ਨਲ ਅਬੇ ਸਮਿਥ ਨੇ ਕਿਹਾ, “ਜ਼ੂਮ ਨੂੰ ਏਮਾਰ ਨਾਲ ਯਾਦਗਾਰੀ ਸਮਾਗਮ ਵਿੱਚ ਹਿੱਸਾ ਲੈਣ 'ਤੇ ਮਾਣ ਹੈ ਅਤੇ ਇਹ ਇਕ ਸਨਮਾਨ ਹੈ, ਜਿੱਥੇ ਸਾਡੇ ਪਲੇਟਫਾਰਮ ’ਤੇ ਵਿਸ਼ਵ ਭਰ ਦੇ ਲੋਕਾਂ ਨੂੰ ਨਵੇਂ ਸਾਲ ਵਿੱਚ ਹਿੱਸਾ ਲੈਣ ਦਾ ਮੌਕਾ ਮਿਲੇਗਾ। ਅਸੀਂ ਉਮੀਦ ਅਤੇ ਏਕਤਾ ਦੀ ਭਾਵਨਾ ਨਾਲ 2021 ਦਾ ਸਵਾਗਤ ਕਰਨ ਲਈ ਤਿਆਰ ਹਾਂ।” ਜ਼ੂਮ 'ਤੇ ਲਾਈਵ ਪ੍ਰਸਾਰਣ 'ਚ ਸ਼ਾਮਲ ਹੋਣ ਲਈ ਰਜਿਸਟ੍ਰੇਸ਼ਨ ਮੁਫਤ ਰੱਖੀ ਗਈ ਹੈ।