Sukanya Samriddhi Yojana: ਕੇਂਦਰ ਸਰਕਾਰ ਨੇ ਲੜਕੀਆਂ ਲਈ ਸੁਕੰਨਿਆ ਸਮ੍ਰਿੱਧੀ ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਇਸ ਸਕੀਮ 'ਚ ਨਿਵੇਸ਼ ਕਰਕੇ ਮਾਪੇ ਆਪਣੀ ਬੱਚੀ ਦੇ ਭਵਿੱਖ ਨੂੰ ਸੁਰੱਖਿਅਤ ਕਰ ਸਕਦੇ ਹਨ। ਇਸ ਯੋਜਨਾ 'ਚ ਕੋਈ ਵੀ ਸ਼ਖ਼ਸ ਆਪਣੀਆਂ ਧੀਆਂ ਦੇ ਨਾਮ 'ਤੇ ਖਾਤਾ ਖੁੱਲ੍ਹਵਾ ਸਕਦਾ ਹੈ।
ਸੁਕੰਨਿਆ ਯੋਜਨਾ 'ਚ ਲੜਕੀਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਨਿਵੇਸ਼ ਕੀਤਾ ਜਾਂਦਾ ਹੈ। ਇਸ ਯੋਜਨਾ 'ਚ ਨਿਵੇਸ਼ ਕਰਨ 'ਤੇ 7.6 ਫ਼ੀਸਦੀ ਦਾ ਸਾਲਾਨਾ ਵਿਆਜ ਲਾਭ ਮਿਲਦਾ ਹੈ। ਲੋਕ ਇਸ 'ਚ 250 ਰੁਪਏ ਤੋਂ ਲੈ ਕੇ ਡੇਢ ਲੱਖ ਰੁਪਏ ਤਕ ਜਮਾਂ ਕਰਵਾ ਸਕਦੇ ਹਨ। ਇੱਕ ਪਰਿਵਾਰ ਵੱਧ ਤੋਂ ਵੱਧ ਦੋ ਲੜਕੀਆਂ ਦੇ ਨਾਮ 'ਤੇ ਸੁਕੰਨਿਆ ਸਮ੍ਰਿੱਧੀ ਯੋਜਨਾ (Sukanya Samriddhi Yojana) 'ਚ ਖਾਤਾ ਖੁੱਲ੍ਹਵਾ ਸਕਦਾ ਹੈ।
ਖਾਤਾ ਕਿਵੇਂ ਖੱਲ੍ਹਵਾਉਣਾ ਹੈ?
ਸੁਕੰਨਿਆ ਸਮ੍ਰਿੱਧੀ ਯੋਜਨਾ (Sukanya Samriddhi Yojana) 'ਚ ਖਾਤਾ ਬੈਂਕ ਜਾਂ ਡਾਕਘਰ 'ਚ ਜਾ ਕੇ ਖੁੱਲ੍ਹਵਾਇਆ ਜਾ ਸਕਦਾ ਹੈ। ਇਸ ਸਕੀਮ 'ਚ ਲੜਕੀ ਦੀ 18 ਸਾਲ ਉਮਰ ਹੋਣ ਤੋਂ ਬਾਅਦ ਪੜ੍ਹਾਈ ਲਈ ਉਸ ਦੇ ਅਕਾਊਂਟ 'ਚੋਂ 50 ਫ਼ੀਸਦੀ ਤਕ ਪੈਸੇ ਕੱਢਵਾਏ ਜਾ ਸਕਦੇ ਹਨ। ਉੱਥੇ ਹੀ ਗੰਭੀਰ ਬਿਮਾਰੀ ਕਾਰਨ ਖਾਤੇ ਨੂੰ 5 ਸਾਲ ਬਾਅਦ ਬੰਦ ਕਰਕੇ ਪੈਸੇ ਕੱਢਵਾਏ ਜਾ ਸਕਦੇ ਹਨ।
ਕੌਣ ਨਿਵੇਸ਼ ਕਰ ਸਕਦਾ ਹੈ?
ਇਸ ਯੋਜਨਾ 'ਚ ਮਾਪੇ ਆਪਣੀ ਬੇਟੀ ਦੇ ਨਾਮ 'ਤੇ ਖਾਤਾ ਖੋਲ੍ਹ ਸਕਦੇ ਹਨ। ਮਾਪੇ ਇਕ ਬੱਚੇ ਦੇ ਨਾਮ 'ਤੇ ਇਕ ਖਾਤਾ ਹੀ ਖੁੱਲ੍ਹਵਾ ਸਕਦੇ ਹਨ। ਹਾਲਾਂਕਿ ਜੁੜਵਾ ਧੀਆਂ ਹੋਣ 'ਤੇ ਤਿੰਨ ਲਈ ਖਾਤਾ ਖੋਲ੍ਹਣ ਦਾ ਨਿਯਮ ਹੈ। ਇਸ ਯੋਜਨਾ 'ਚ ਧੀਆਂ ਦੇ ਜਨਮ ਤੋਂ ਲੈ ਕੇ 10 ਸਾਲ ਦੀ ਉਮਰ ਤਕ ਨਿਵੇਸ਼ ਕੀਤਾ ਜਾ ਸਕਦਾ ਹੈ।
ਬੇਟੀ ਬਣੇਗੀ ਕਰੋੜਪਤੀ
ਸੁਕੰਨਿਆ ਸਮ੍ਰਿੱਧੀ ਯੋਜਨਾ (Sukanya Samriddhi Yojana) 'ਚ ਮਾਪੇ ਆਪਣੀ ਬੇਟੀ ਦੇ ਜਨਮ ਤੋਂ ਇਕ ਸਾਲ ਬਾਅਦ ਖੁੱਲ੍ਹਵਾ ਸਕਦੇ ਹਨ। ਜੇ ਤੁਸੀਂ ਇਸ ਖਾਤੇ 'ਚ ਹਰ ਮਹੀਨੇ 12,500 ਰੁਪਏ ਜਾਂ ਸਾਲਾਨਾ 1.50 ਲੱਖ ਰੁਪਏ ਦਾ ਨਿਵੇਸ਼ ਕਰਦੇ ਹੋ। ਅਜਿਹੇ 'ਚ ਲੜਕੀ ਦੀ ਉਮਰ 21 ਸਾਲ ਪੂਰੀ ਹੋਣ 'ਤੇ ਕੁੱਲ 63.7 ਲੱਖ ਰੁਪਏ ਮਿਲਣਗੇ। ਇਸ ਦੇ ਨਾਲ ਹੀ, ਜੇ ਮਾਤਾ-ਪਿਤਾ ਵੱਖ-ਵੱਖ ਪੈਸੇ ਜਮਾਂ ਕਰਦੇ ਹਨ ਤਾਂ 21 ਸਾਲ ਪੂਰੇ ਹੋਣ 'ਤੇ ਤੁਹਾਡੀ ਬੇਟੀ ਨੂੰ 1.27 ਕਰੋੜ ਰੁਪਏ ਮਿਲਣਗੇ।