SIdhu Moose Wala: ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਆਸਟਰੇਲੀਆ `ਚ ਹੋਵੇਗਾ ਧਰਨਾ ਪ੍ਰਦਰਸ਼ਨ, ਇਸ ਸ਼ਰਤ `ਤੇ ਮਿਲੇਗੀ ਧਰਨੇ `ਚ ਐਂਟਰੀ
ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੇ ਕਤਲ ਨੂੰ 5 ਮਹੀਨੇ ਦਾ ਸਮਾਂ ਬੀਤ ਚੁੱਕਿਆ ਹੈ, ਪਰ ਲੋਕ ਆਪਣੇ ਚਹੇਤੇ ਸਟਾਰ ਹਾਲੇ ਵੀ ਆਪਣੇ ਦਿਲੋਂ ਕੱਢ ਨਹੀਂ ਸਕੇ ਹਨ। ਇਸ ਦੇ ਨਾਲ ਹੀ ਮੂਸੇਵਾਲਾ ਦੇ ਕਾਤਲ ਹਾਲੇ ਵੀ ਕਾਨੂੰਨ ਦੇ ਸ਼ਿਕੰਜੇ ਤੋਂ ਬਾਹਰ ਹਨ। ਇਸ ਕਰਕੇ ਪੂਰੀ ਦੁਨੀਆ `ਚ ਸਿੱਧੂ ਮੂਸੇਵਾਲਾ ਦੇ ਫ਼ੈਨਜ਼ `ਚ ਭਾਰੀ ਰੋਸ ਹੈ।
Download ABP Live App and Watch All Latest Videos
View In Appਇਸੇ ਤਹਿਤ 13 ਨਵੰਬਰ ਨੂੰ ਮੂਸੇਵਾਲਾ ਨੂੰ ਇਨਸਾਫ਼ ਦੀ ਗੁਹਾਰ ਲਗਾਉਣ ਲਈ ਆਸਟਰੇਲੀਆ `ਚ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਧਰਨਾ ਪ੍ਰਦਰਸ਼ਨ `ਚ ਮੂਸੇਵਾਲਾ ਦੇ ਚਾਹੁਣ ਵਾਲਿਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ, ਪਰ ਇੱਕ ਸ਼ਰਤ `ਤੇ। ਉਹ ਸ਼ਰਤ ਇਹ ਹੈ ਕਿ ਮੂਸੇਵਾਲਾ ਦੇ ਫ਼ੈਨਜ਼ ਦੀਆਂ ਸ਼ਰਟਾਂ `ਤੇ `ਜਸਟਿਸ ਫਾਰ ਸਿੱਧੂ ਮੂਸੇਵਾਲਾ` ਲਿਖਿਆ ਹੋਣਾ ਜ਼ਰੂਰੀ ਹੈ। ਜੀ ਹਾਂ, ਇਹ ਅਸੀਂ ਨਹੀਂ ਕਹਿ ਰਹੇ, ਸੋਸ਼ਲ ਮੀਡੀਆ ਤੇ ਧਰਨਾ ਪ੍ਰਦਰਸ਼ਨ ਦਾ ਪੋਸਟਰ ਕਾਫ਼ੀ ਵਾਇਰਲ ਹੋ ਰਿਹਾ ਹੈ।
ਇਸ ਤੇ ਲਿਖਿਆ ਹੋਇਆ ਪੜ੍ਹਿਆ ਜਾ ਸਕਦਾ ਹੈ ਕਿ 13 ਨਵੰਬਰ ਨੂੰ ਆਸਟਰੇਲੀਆ ਦੇ ਮੇਲਬੋਰਨ `ਚ ਮੇਲਬੋਰਨ ਕ੍ਰਿਕੇਟ ਗਰਾਊਂਡ ਵਿਖੇ ਸ਼ਾਮੀਂ 5 ਵਜੇ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।
ਇਸ ਸਬੰਧੀ ਕੋਈ ਫੋਨ ਨੰਬਰ +61481954772 ਤੇ ਫੋਨ ਕਰਕੇ ਜਾਣਕਾਰੀ ਲਈ ਜਾ ਸਕਦੀ ਹੈ। ਇਸ ਦੇ ਨਾਲ ਹੀ ਹੇਠਾਂ ਜ਼ਰੂਰੀ ਨੋਟ ਵੀ ਹੈ ਕਿ `ਧਰਨੇ `ਚ ਸਭ ਦੀਆਂ ਸ਼ਰਟਾਂ `ਤੇ ਜਸਟਿਸ ਫਾਰ ਸਿੱਧੂ ਮੂਸੇਵਾਲਾ ਲਿਖਿਆ ਹੋਣਾ ਬੇਹੱਦ ਜ਼ਰੂਰੀ ਹੈ।
ਦਸ ਦਈਏ ਕਿ ਪੰਜਾਬੀ ਇੰਡਸਟਰੀ ਦੇ ਕਲਾਕਾਰ ਇਸ ਧਰਨਾ ਪ੍ਰਦਰਸ਼ਨ ਦਾ ਸਮਰਥਨ ਕਰਦੇ ਨਜ਼ਰ ਆ ਰਹੇ ਹਨ। ਗਾਇਕਾ ਅਫਸਾਨਾ ਖਾਨ ਨੇ ਇਸ ਪੋਸਟਰ ਨੂੰ ਆਪਣੇ ਇੰਸਟਾਗ੍ਰਾਮ ਦੀ ਸਟੋਰੀ ਤੇ ਸ਼ੇਅਰ ਕੀਤਾ ਹੈ। ਇਸ ਦੇ ਨਾਲ ਨਾਲ ਜਸਵਿੰਦਰ ਬਰਾੜ ਵੱਲੋਂ ਵੀ ਇਸੇ ਪੋਸਟਰ ਨੂੰ ਸ਼ੇਅਰ ਕੀਤਾ ਗਿਆ ਹੈ।
ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਤੋਂ ਹੀ ਮੂਸੇਵਾਲਾ ਦਾ ਪਰਿਵਾਰ ਤੇ ਉਨ੍ਹਾਂ ਦੇ ਚਾਹੁਣ ਵਾਲੇ ਦੁਨੀਆ ਭਰ `ਚ ਮਰਹੂਮ ਗਾਇਕ ਲਈ ਇਨਸਾਫ਼ ਦੀ ਮੰਗ ਕਰ ਰਹੇ ਹਨ।
ਮੂਸੇਵਾਲਾ ਦੇ ਕਤਲ ਦੀ ਜਾਂਚ ਦੀ ਕਮਾਨ ਹੁਣ ਕੇਂਦਰੀ ਜਾਂਚ ਏਜੰਸੀ ਐਨਆਈਏ ਨੇ ਸੰਭਾਲ ਲਈ ਹੈ। ਹੁਣ ਦੇਖਣਾ ਇਹ ਹੈ ਕਿ ਮੂਸੇਵਾਲਾ ਦੇ ਪਰਿਵਾਰ ਨੂੰ ਇਨਸਾਫ਼ ਕਦੋਂ ਮਿਲਦਾ ਹੈ ਤੇ ਕਦੋਂ ਉਨ੍ਹਾਂ ਦੇ ਕਾਤਲ ਪੁਲਿਸ ਦੀ ਗ੍ਰਿਫਤ `ਚ ਆਉਂਦੇ ਹਨ।