ਕਿਸਾਨਾਂ ਮਗਰੋਂ ਹੁਣ ਕੇਜਰੀਵਾਲ ਦਾ ਵਪਾਰੀਆਂ ਲਈ ਵੱਡਾ ਐਲਾਨ
ਬਠਿੰਡਾ/ ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਸਾਨਾਂ ਮਗਰੋੰ ਹੁਣ ਵਪਾਰੀਆਂ ਲਈ ਇੱਕ ਵੱਡਾ ਐਲਾਨ ਕਰ ਦਿੱਤਾ ਹੈ।ਉਨ੍ਹਾਂ ਐਲਾਨ ਕੀਤਾ ਕਿ 2022 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਪੰਜਾਬ ਨੂੰ ਅਪਰਾਧੀਆਂ, ਗੁੰਡਿਆਂ, ਭ੍ਰਿਸ਼ਟਾਚਾਰੀਆਂ ਅਤੇ ਇੰਸਪੈਰਟਰੀ ਰਾਜ ਤੋਂ ਮੁਕਤ ਕਰ ਦਿੱਤਾ ਜਾਵੇਗਾ। ਪਹਿਲੀ ਅਪ੍ਰੈਲ ਤੋਂ ਬਾਅਦ ਹਰ ਵਪਾਰੀ-ਕਾਰੋਬਾਰੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ 'ਆਪ' ਸਰਕਾਰ ਦੀ ਹੋਵੇਗੀ।
Download ABP Live App and Watch All Latest Videos
View In Appਸ਼ੁੱਕਰਵਾਰ ਨੂੰ ਬਠਿੰਡਾ 'ਚ ''ਵਪਾਰੀਆਂ ਤੇ ਕਾਰੋਬਾਰੀਆਂ ਨਾਲ ਕੇਜਰੀਵਾਲ ਦੀ ਗੱਲਬਾਤ'' ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੇ ਜਿੱਥੇ ਵਪਾਰੀਆਂ-ਕਾਰੋਬਾਰੀਆਂ ਅਤੇ ਉਦਯੋਗਪਤੀਆਂ ਦੀਆਂ ਸਮੱਸਿਆਵਾਂ ਅਤੇ ਲੋੜਾਂ ਬਾਰੇ ਜਾਣਿਆਂ, ਉੱਥੇ ਹੀ ਉਨਾਂ ਨੇ ਕਾਰੋਬਾਰੀਆਂ ਲਈ ਦੋ ਵੱਡੇ ਐਲਾਨ ਕੀਤੇ।
ਕੇਜਰੀਵਾਲ ਨੇ ਪਹਿਲਾ ਐਲਾਨ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ 1 ਅਪ੍ਰੈਲ 2022 ਤੋਂ ਬਾਅਦ ਹਰ ਵਪਾਰੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਾਡੀ ('ਆਪ' ਸਰਕਾਰ) ਹੋਵੇਗੀ। ਡਰਨਾ ਛੱਡ ਦੇਵੋ ਅਤੇ ਵਪਾਰ ਅਤੇ ਉਦਯੋਗ ਦੇ ਵਿਕਾਸ ਲਈ ਹੁਣ ਤੋਂ ਯੋਜਨਾਬੰਦੀ ਸ਼ੁਰੂ ਕਰ ਦੇਵੋ।
ਦੂਸਰਾ ਐਲਾਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਾਂਗ ਪੰਜਾਬ ਵਿੱਚ ਵੀ ਇੱਕ ਇਮਾਨਦਾਰ ਸਰਕਾਰ ਦੇਵਾਂਗੇ। ਕੇਜਰੀਵਾਲ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ, ''ਪੰਜਾਬ ਨੇ ਕਾਂਗਰਸ, ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ 'ਚ ਸਰਕਾਰ ਬਣਾਉਣ ਦੇ ਬਹੁਤ ਮੌਕੇ ਦਿੱਤੇ ਹਨ, ਪਰ ਹੁਣ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਦੇ ਕੇ ਦੇਖੋ। ਇੱਕ ਵਾਰ ਮੌਕਾ ਦੇਵੋ ਫਿਰ ਦਿੱਲੀ ਵਾਂਗ 'ਆਪ' ਦੀ ਸਰਕਾਰ ਨੂੰ ਕੋਈ ਵੀ ਹਿਲਾ ਨਹੀਂ ਸਕੇਗਾ।
ਇਸ ਮੌਕੇ ਮੰਚ 'ਤੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ, ਸਹਿ-ਇੰਚਾਰਜ ਰਾਘਵ ਚੱਢਾ,ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਮੌਜੂਦ ਸਨ।
ਅਰਵਿੰਦ ਕੇਜਰੀਵਾਲ ਨੇ ਵਪਾਰੀਆਂ ਅਤੇ ਕਾਰੋਬਾਰੀਆਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਅਪੀਲ ਕੀਤੀ ਕਿ ਸਮੁੱਚਾ ਕਾਰੋਬਾਰੀ ਜਗਤ ਪੰਜਾਬ 'ਚ ਬਣਨ ਵਾਲੀ 'ਆਪ' ਦੀ ਇਮਾਨਦਾਰ ਸਰਕਾਰ 'ਚ ਪਾਰਟਨਰ (ਭਾਗੀਦਾਰ) ਬਣੇ। ਉਨਾਂ ਕਿਹਾ ਕਿ ਅਸੀਂ ਹੋਰਨਾਂ ਪਾਰਟੀਆਂ ਵਾਂਗ ਵਪਾਰੀਆਂ ਕੋਲੋਂ ਪੈਸੇ ਲੈਣ ਨਹੀਂ, ਸਗੋਂ ਸਹਿਯੋਗ ਮੰਗਣ ਅਤੇ ਸਰਕਾਰ 'ਚ ਹਿੱਸੇਦਾਰ ਬਣਾਉਣ ਆਏ ਹਾਂ, ਕਿਉਂ ਜੋ ਕਿ ਪੰਜਾਬ ਨੂੰ ਵੱਖਰੇ ਤੌਰ 'ਤੇ ਸਥਾਪਤ ਕਰਨਾ ਹੈ ਅਤੇ ਵਿਕਾਸ 'ਤੇ ਸਿਖ਼ਰ 'ਤੇ ਲੈ ਕੇ ਜਾਣਾ ਹੈ।
ਕੇਜਰੀਵਾਲ ਨੇ ਪੰਜਾਬ 'ਚ ਫੈਲੇ ਅਪਰਾਧ, ਭ੍ਰਿਸ਼ਟਾਚਾਰ ਅਤੇ ਇੰਸਪੈਕਟਰੀ ਰਾਜ ਨੂੰ ਪੂਰੀ ਤਰਾਂ ਖ਼ਤਮ ਕਰਨ ਦਾ ਭਰੋਸਾ ਦਿੱਤਾ। ਉਨਾਂ ਕਿਹਾ ਕਿ ਵਪਾਰੀ ਅਤੇ ਕਾਰੋਬਾਰੀ ਡਰ ਵਿੱਚ ਜੀਅ ਰਹੇ ਹਨ। ਅਜਿਹੇ ਮਾਹੌਲ ਵਿੱਚ ਵਪਾਰ ਕਿਵੇਂ ਤਰੱਕੀ ਕਰੇਗਾ? ਉਲਟਾ ਵਪਾਰੀ ਆਪਣੇ ਵਪਾਰ ਨੂੰ ਸੀਮਤ ਹੀ ਰੱਖਣਾ ਚਾਹੇਗਾ। ਜਦੋਂ ਕਿ ਪੰਜਾਬ 'ਚ ਲੋੜ ਹੈ ਕਿ ਵਪਾਰ ਤਰੱਕੀ ਕਰੇ ਤਾਂ ਜੋ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ। ਇਸ ਲਈ ਪੰਜਾਬ 'ਚ ਅਪਰਾਧ ਅਤੇ ਭ੍ਰਿਸ਼ਟਾਚਾਰ ਮੁਕਤ ਸੁਰੱਖਿਅਤ ਮਾਹੌਲ ਸਿਰਜਿਆ ਜਾਵੇਗਾ। ਉਨਾਂ ਵਪਾਰੀਆਂ ਨੂੰ ਹੈਰਾਨੀ ਨਾਲ ਪੁੱਛਿਆ ਕਿ ਜੋ-ਜੋ ਟੈਕਸ ਕੀ ਹੈ? ਪੁਲੀਸ ਗੁੰਡਾ ਅਨਸਰਾਂ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਕਰਦੀ?
ਚੰਨੀ ਸਰਕਾਰ 'ਤੇ ਤੰਜ ਕਸਦਿਆਂ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਦੀ ਨਕਲ ਕਰਨਾ ਆਸਾਨ ਹੈ, ਪਰ ਅਮਲ ਕਰਨਾ ਮੁਸ਼ਕਿਲ ਹੈ, ਕਿਉਂਕਿ ਮੁੱਖ ਮੰਤਰੀ ਚਰਨਜੀਤ ਸਿੰਘ 'ਆਪ ਸਰਕਾਰ' ਦੇ ਕੰਮਾਂ ਨੂੰ ਦੇਖ ਇੰਸਪੈਕਟਰੀ ਰਾਜ ਖ਼ਤਮ ਕਰਨ, ਵਪਾਰੀਆਂ ਨੂੰ ਭਾਗੀਦਾਰ ਬਣਾਉਣ ਅਤੇ ਉਦਯੋਗਾਂ ਨੂੰ ਸਹੂਲਤਾਂ ਦੇਣ ਦਾ ਐਲਾਨ ਤਾਂ ਜ਼ਰੂਰ ਕਰਦੇ ਹਨ, ਪਰ ਅਮਲ ਨਹੀਂ ਕਰਦੇ। ਉਨਾਂ ਦੋਸ਼ ਲਾਇਆ ਕਿ ਚੰਨੀ ਸਰਕਾਰ ਕੋਲ ਨਾ ਚੰਗੀ ਨੀਅਤ ਅਤੇ ਨਾ ਹੀ ਚੰਗੀ ਨੀਤੀ ਹੈ। ਇਸ ਕਾਰਨ ਪੰਜਾਬ ਵਿੱਚ ਕਰੀਬ 2700 ਹੋਟਲ ਬੰਦ ਹੋ ਗਏ ਅਤੇ ਹਜ਼ਾਰਾਂ ਉਦਯੋਗ ਪੰਜਾਬ ਤੋਂ ਬਾਹਰ ਚਲੇ ਗਏ।
ਇਸ ਮੌਕੇ 'ਆਪ' ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਭਗਵੰਤ ਮਾਨ ਨੇ ਕਿਹਾ, ''ਦੇਸ਼ 'ਚ ਸਥਾਪਤ ਸਰਕਾਰਾਂ ਵਪਾਰੀਆਂ, ਆੜਤੀਆਂ ਅਤੇ ਉਦਯੋਗਪਤੀਆਂ ਨੂੰ ਚੋਰ ਸਮਝਦੀਆਂ ਹਨ, ਜਦੋਂ ਕਿ ਇਹੀ ਲੋਕ ਸਭ ਤੋਂ ਵੱਧ ਟੈਕਸ ਅਦਾ ਕਰਦੇ ਹਨ। ਕਾਰੋਬਾਰੀ ਇਮਾਨਦਾਰ ਸਰਕਾਰ ਨੂੰ ਖ਼ੁਸ਼ੀ ਨਾਲ ਟੈਕਸ ਦਿੰਦਾ, ਕਿਉਂਕਿ ਉਸ ਨੂੰ ਪਤਾ ਇਸ ਟੈਕਸ ਦਾ ਲਾਭ ਕਿਸੇ ਨਾ ਕਿਸੇ ਰੂਪ 'ਚ ਉਸ ਨੂੰ ਜਾਂ ਉਸ ਦੇ ਪਰਿਵਾਰ ਨੂੰ ਮਿਲੇਗਾ।''
ਉਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਦਿੱਲੀ ਵਿੱਚ ਟੈਕਸ ਘਟਾਏ, ਇੰਸਪੈਕਟਰੀ ਰਾਜ ਖ਼ਤਮ ਕੀਤਾ ਅਤੇ ਫ਼ੈਕਟਰੀਆਂ ਲਈ ਬਿਜਲੀ, ਪਾਣੀ ਤੇ ਹੋਰ ਲੋੜਾਂ ਦੀ ਪੂਰਤੀ ਕੀਤੀ। ਇਸ ਕਾਰਨ ਅੱਜ ਦਿੱਲੀ ਵਿੱਚ ਉਦਯੋਗ, ਵਪਾਰ ਅਤੇ ਹੋਰ ਕਾਰੋਬਾਰ ਤਰੱਕੀਆਂ ਕਰ ਰਹੇ ਹਨ।
ਭਗਵੰਤ ਮਾਨ ਨੇ ਮੋਦੀ ਸਰਕਾਰ ਦੀ ਅਲੋਚਨਾ ਕਰਦਿਆਂ ਕਿਹਾ, ''ਭਾਜਪਾ ਸਾਡੇ ਆੜਤੀਆਂ ਨੂੰ ਚੋਰ, ਵਿਚੋਲਿਆਂ ਹੋਰ ਪਤਾ ਨਹੀਂ ਕੁੱਝ ਕਹਿੰਦੀ ਹੈ, ਜਦਕਿ ਆੜਤੀ ਕਿਸਾਨ ਦਾ ਸਰਵਿਸ ਪ੍ਰੋਵਾਈਡਰ (ਸੇਵਾਵਾਂ ਦੇਣ ਵਾਲਾ) ਹੈ। ਉਨਾਂ ਕਿਹਾ ਕਿ ਕਿਸਾਨਾਂ ਅਤੇ ਆੜਤੀਆਂ ਦਾ ਸਦੀਆਂ ਪੁਰਾਣਾ ਅਟੁੱਟ ਰਿਸ਼ਤਾ ਰਿਹਾ ਹੈ। ਇੱਥੋਂ ਤੱਕ ਕਿ ਆੜਤੀਏ ਕਿਸਾਨਾਂ ਦੇ ਧੀਆਂ-ਪੁੱਤਾਂ ਦੇ ਰਿਸ਼ਤੇ ਵੀ ਕਰਵਾਉਂਦੇ ਹਨ ਅਤੇ ਇਹ ਰਿਸ਼ਤੇ ਸਭ ਤੋਂ ਮਜ਼ਬੂਤ ਸਾਬਤ ਹੁੰਦੇ ਹਨ। ਉਨਾਂ ਆੜਤੀਆਂ ਨੂੰ ਕਿਸਾਨਾਂ ਦਾ ਅਨਐਲਾਣਿਆਂ ਸੀ.ਏ. (ਚਾਰਟਰਡ ਅਕਾਉਟੇਂਟ) ਵੀ ਕਿਹਾ।
ਮਾਨ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਕੋਲ ਨਾ ਉਦਯੋਗਿਕ, ਨੀਤੀ ਹੈ, ਨਾ ਵਪਾਰਿਕ ਨੀਤੀ ਹੈ ਅਤੇ ਨਾ ਹੀ ਸਿੱਖਿਆ ਅਤੇ ਸਿਹਤ ਦੀ ਨੀਤੀ ਹੈ। ਉਨਾਂ ਕਿਹਾ ਕਿ ਦੇਸ਼ ਇੱਕ ਹਨੇਰੀ ਸੁਰੰਗ 'ਚ ਡਿਗ ਚੁੱਕਾ ਹੈ ਅਤੇ ਇਸ 70 ਸਾਲਾ ਹਨੇਰੀ ਸੁਰੰਗ ਵਿਚ ਆਮ ਆਦਮੀ ਪਾਰਟੀ ਇੱਕ ਰੌਸ਼ਨੀ ਦੀ ਕਿਰਨ ਵਜੋਂ ਨਜ਼ਰ ਆ ਰਹੀ ਹੈ, ਜੋ ਲੋਕ ਪੱਖੀ ਰਾਜਨੀਤਿਕ ਵਿਵਸਥਾ ਸਥਾਪਤ ਕਰ ਰਹੀ ਹੈ।