ਬੰਦੀ-ਛੋੜ ਦਿਵਸ : ਮੋਮਬੱਤੀ ਬਾਲ ਕੇ ਅਤੇ ਦੋ ਮਿੰਟ ਦਾ ਮੌਨ ਧਾਰ ਕੇ ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ
ਬੱਤੀ ਜਥੇਬੰਦੀਆਂ 'ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ ਅੱਜ 400 ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ।
Download ABP Live App and Watch All Latest Videos
View In Appਬੁਲਾਰਿਆਂ ਨੇ ਧਰਨੇ ਦੇ 400 ਦਿਨ ਪੂਰੇ ਹੋਣ ਦਾ ਵਿਸ਼ੇਸ਼ ਜ਼ਿਕਰ ਕੀਤਾ । ਆਗੂਆਂ ਨੇ ਕਿਹਾ ਕਿ ਇੰਨਾ ਲੰਬਾ ਅਰਸਾ ਬੀਤ ਜਾਣ ਬਾਅਦ ਵੀ ਧਰਨੇ ਦਾ ਜੋਸ਼ ਤੇ ਉਤਸ਼ਾਹ ਬਰਕਰਾਰ ਹੈ। ਇਨ੍ਹਾਂ 400 ਦਿਨਾਂ ਦੌਰਾਨ ਧਰਨਾਕਾਰੀਆਂ ਨੇ ਨਾ ਸਿਰਫ ਅੱਤ ਦੀ ਗਰਮੀ,ਸਰਦੀ,ਮੀਂਹ,ਹਨੇਰੀ ਯਾਨੀ ਕੁਦਰਤ ਦੀਆਂ ਸਾਰੀਆਂ ਦੁਸ਼ਵਾਰੀਆਂ ਆਪਣੇ ਸਰੀਰਾਂ 'ਤੇ ਝੱਲੀਆਂ ਸਗੋਂ ਸਰਕਾਰੀ ਸਾਜਿਸ਼ਾਂ ਤੇ ਕੋਝੇ ਹੱਥਕੰਡਿਆਂ ਦਾ ਵੀ ਸਾਹਮਣਾ ਕੀਤਾ।
ਧਰਨੇ ਵਿੱਚ ਸਾਰੇ ਇਤਿਹਾਸਕ ਦਿਹਾੜੇ ਵੀ ਮਨਾਏ ਗਏ ਅਤੇ ਤਰ੍ਹਾਂ ਤਰ੍ਹਾਂ ਦੇ ਸੱਭਿਆਚਾਰਕ ਪ੍ਰੋਗਰਾਮਾਂ ਰਾਹੀਂ ਸਾਡੇ ਜੁਝਾਰੂ ਵਿਰਸੇ ਨੂੰ ਵੀ ਉਭਾਰਿਆ ਗਿਆ। ਆਗੂਆਂ ਨੇ ਕਿਹਾ ਕਿ ਅੰਦੋਲਨ ਖੇਤੀ ਕਾਨੂੰਨ ਰੱਦ ਹੋਣ ਤੱਕ ਜਾਰੀ ਰਹੇਗਾ।
ਅੱਜ ਬੰਦੀ-ਛੋੜ ਦਿਵਸ ਮੌਕੇ ਛੇਵੇਂ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਜੀ ਦੇ ਜੀਵਨ ਤੇ ਸਿਖਿਆਵਾਂ ਉਪਰ ਚਰਚਾ ਕੀਤੀ ਗਈ। ਆਗੂਆਂ ਨੇ ਕਿਹਾ ਕਿ ਸਾਡੇ ਮੌਜੂਦਾ ਸ਼ਾਸ਼ਕ ਵੀ, ਲੋਕਾਂ ਨੂੰ ਸ਼ਲਾਖਾਂ ਪਿਛੇ ਬੰਦ ਕਰਨ ਦੇ ਪੱਖ ਤੋਂ, ਉਸ ਸਮੇਂ ਦੇ ਰਾਜੇ ਜਹਾਂਗੀਰ ਤੋਂ ਕਿਸੇ ਗੱਲੋਂ ਘੱਟ ਨਹੀਂ।
ਦਰਜਨਾਂ ਬੁੱਧੀਜੀਵੀ, ਬਗੈਰ ਕਿਸੇ ਦੋਸ਼ ਤੋਂ, ਕਈ ਸਾਲਾਂ ਤੋਂ ਜੇਲ੍ਹਾਂ 'ਚ ਬੰਦ ਹਨ। ਅਜੋਕੇ ਬੰਦੀਆਂ ਨੂੰ ਛੁਡਾਉਣ ਲਈ ਸਾਨੂੰ ਸਿਰਫ ਆਪਣੇ ਜਥੇਬੰਦਕ ਏਕੇ ਦਾ ਹੀ ਸਹਾਰਾ ਹੈ। ਇਸ ਏਕੇ ਨੂੰ ਹੋਰ ਮਜ਼ਬੂਤ ਕਰੋ।
ਅੱਜ ਮੋਮਬੱਤੀ ਬਾਲ ਕੇ ਅਤੇ ਦੋ ਮਿੰਟ ਦਾ ਮੌਨ ਧਾਰ ਕੇ ਕਿਸਾਨ ਘੋਲ ਦੇ ਸਾਰੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।ਆਗੂਆਂ ਨੇ ਕਿਹਾ ਕਿ ਜਿਵੇਂ ਜਿਵੇਂ ਸਾਡੇ ਸ਼ਹੀਦਾਂ ਦੀ ਲਾਈਨ ਲੰਬੀ ਹੋ ਰਹੀ ਹੈ, ਖੇਤੀ ਕਾਨੂੰਨ ਰੱਦ ਕਰਵਾਉਣ ਲਈ ਸਾਡਾ ਅਹਿਦ ਵੀ ਹੋਰ ਦ੍ਰਿੜ ਹੋ ਰਿਹਾ ਹੈ।
ਬੁਲਾਰਿਆਂ ਨੇ ਕਿਹਾ ਕਿ ਪੈਟਰੋਲ/ ਡੀਜਲ ਦੀ ਐਕਸਾਈਜ਼ ਡਿਊਟੀ ਵਿੱਚ ਨਿਗੂਣੀ ਕਮੀ ਕਰਕੇ ਸਰਕਾਰ ਨੇ ਲੋਕਾਂ ਨਾਲ ਕੋਝਾ ਮਜ਼ਾਕ ਕੀਤਾ ਹੈ। ਉਪ-ਚੋਣਾਂ ਦੇ ਨਤੀਜਿਆਂ ਕਾਰਨ ਦਬਾਅ ਹੇਠ ਲਾਈ ਸਰਕਾਰ ਨੂੰ ਇਹ ਡਰਾਮਾ ਕਰਨ ਲਈ ਮਜਬੂਰ ਹੋਣਾ ਪਿਆ।
ਉਠ ਤੋਂ ਛਾਨਣੀ ਲਾਹ ਕੇ ਭਾਰ ਹੌਲਾ ਕਰਨ ਦਾ ਭੁਲੇਖਾ ਪਾਇਆ ਜਾ ਰਿਹਾ ਹੈ। ਸਰਕਾਰ ਕਿਸਾਨਾਂ ਨੂੰ ਡੀਜਲ 'ਤੇ ਵਿਸ਼ੇਸ਼ ਸਬਸਿਡੀ ਦੇਵੇ ਅਤੇ ਟੈਕਸਾਂ 'ਚ ਵੱਡੀ ਛੋਟ ਦੇ ਕੇ ਲੋਕਾਂ ਨੂੰ ਹਕੀਕੀ ਰਾਹਤ ਦੇਵੇ।