100 ਕਰੋੜ ਦੀ ਲਾਗਤ ਨਾਲ ਲੁਧਿਆਣਾ ਨੇੜੇ ਬਣਾਈ ਜਾ ਰਹੀ ਅਤਿ-ਆਧੁਨਿਕ ਸੁਰੱਖਿਆ ਜੇਲ੍ਹ, ਲਾਲਜੀਤ ਭੁੱਲਰ ਨੇ ਕੀਤਾ ਵੱਡਾ ਐਲਾਨ
ਇਨ-ਸਰਵਿਸ ਟ੍ਰੇਨਿੰਗ ਸੈਂਟਰ ਕਪੂਰਥਲਾ ਵਿਖੇ ਪੰਜਾਬ ਜੇਲ੍ਹ ਵਿਭਾਗ ਦੇ 173 ਵਾਰਡਨ ਅਤੇ 6 ਮੈਟਰਨਾ ਦੀ ਪਾਸਿੰਗ ਆਊਟ ਪਰੇਡ ਮੌਕੇ ਸੰਬੋਧਨ ਕਰਦਿਆਂ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ CM ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਜੇਲ੍ਹਾਂ ਦੀ ਸੁਰੱਖਿਆ ਦੇ ਨਾਲ-ਨਾਲ ਬੰਦੀਆਂ ਨੂੰ ਜੇਲ੍ਹਾਂ ਵਿਚ ਰੋਜ਼ਗਾਰ ਦੇ ਕੇ ਉਨ੍ਹਾਂ ਨੂੰ ਸਮਾਜ ਦੀ ਆਰਥਿਕ ਤਰੱਕੀ ਵਿਚ ਭਾਗੀਦਾਰ ਬਣਾਉਣ ਲਈ ਅਨੇਕਾਂ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 13 ਜੇਲ੍ਹਾਂ ਅੰਦਰ ਮੋਬਾਈਲ ਫੋਨਾਂ ਦੀ ਵਰਤੋਂ ਰੋਕਣ ਲਈ ਜੈਮਰ ਲਗਾਏ ਜਾ ਰਹੇ ਹਨ।
Download ABP Live App and Watch All Latest Videos
View In Appਪੰਜਾਬ ਦੇ ਜੇਲ੍ਹਾਂ ਬਾਰੇ ਮੰਤਰੀ ਲਾਲਜੀਤ ਸਿੰਘ ਭੁਲੱਰ ਨੇ ਅੱਜ ਐਲਾਨ ਕੀਤਾ ਕਿ ਪੰਜਾਬ ਦੀਆਂ ਜੇਲ੍ਹਾਂ 'ਚ ਬੰਦ ਖਤਕਨਾਕ ਕੈਦੀਆਂ ਨੂੰ ਵੱਖਰੀ ਜੇਲ੍ਹ ਵਿਚ ਰੱਖਣ ਲਈ 100 ਕਰੋੜ ਰੁਪਏ ਦੀ ਲਾਗਤ ਨਾਲ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਗੋਰਸੀਆਂ ਕਾਦਰ ਬਖਸ਼ ਵਿਖੇ ਅਤਿ-ਆਧੁਨਿਕ ਸੁਰੱਖਿਆ ਜੇਲ੍ਹ ਬਣਾਈ ਜਾ ਰਹੀ ਹੈ, ਜੋ ਅਗਲੇ ਸਾਲ ਤੱਕ ਮੁਕੰਮਲ ਹੋ ਜਾਵੇਗੀ।
ਕੈਬਨਿਟ ਮੰਤਰੀ ਨੇ ਇਹ ਵੀ ਦੱਸਿਆ ਕਿ ਜੇਲ੍ਹ ਵਿਭਾਗ ਦੀ ਆਮਦਨ 'ਚ ਵਾਧਾ ਕਰਨ ਅਤੇ ਬੰਦੀਆਂ ਨੂੰ ਉਨ੍ਹਾਂ ਦੇ ਹੁਨਰ ਮੁਤਾਬਿਕ ਕੰਮ ਦੇਣ ਲਈ “ਪੰਜਾਬ ਪਰੀਜ਼ਨ ਡਿਵੈੱਲਪਮੈਂਟ ਬੋਰਡ“ ਅਧੀਨ 12 ਜੇਲ੍ਹਾਂ, ਜੋ ਮੁੱਖ ਸੜਕਾਂ ਉੱਪਰ ਹਨ, ਵਿਖੇ ਪੈਟਰੋਲ ਪੰਪ ਲਗਾਏ ਜਾਣ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ 6 ਜੇਲ੍ਹਾਂ ਵਿੱਚ ਪੈਟਰੌਲ ਪੰਪ ਚਾਲੂ ਹੋ ਚੁੱਕੇ ਹਨ, ਜਦਕਿ 2 ਜੇਲ੍ਹਾਂ ਵਿੱਚ ਜਲਦ ਪੈਟਰੋਲ ਪੰਪ ਚਾਲੂ ਕੀਤੇ ਜਾਣਗੇ।
ਪੰਜਾਬ ਸਰਕਾਰ ਵਲੋਂ ਪਾਰਦਰਸ਼ੀ ਭਰਤੀ ਨੂੰ ਤਰਜੀਹੀ ਖੇਤਰ ਦੱਸਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਜੇਲ੍ਹ ਵਿਭਾਗ ਵਿੱਚ 13 ਡੀ.ਐਸ.ਪੀ., 175 ਵਾਰਡਨ ਅਤੇ 4 ਮੈਟਰਨਾਂ ਦੀ ਹੋਰ ਭਰਤੀ ਜਲਦ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕੈਦੀਆਂ ਦੇ ਸੁਧਾਰ ਲਈ ਜੇਲ੍ਹਾਂ ਵਿੱਚ ਸਿੱਖਿਆ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਬੰਦੀਆਂ ਨੂੰ ਨਵੇਂ ਕਿੱਤਾ-ਮੁਖੀ ਕੋਰਸ ਕਰਵਾਉਣ ਅਤੇ ਖੇਡਾਂ ਪ੍ਰਤੀ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਜੇਲ੍ਹਾਂ ਵਿੱਚ ਬੇਕਰੀ ਉਤਪਾਦਾਂ ਲਈ ਕੈਦੀਆਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾ ਰਹੀ ਹੈ ਤਾਂ ਜੋ ਉਹ ਸਮਾਜ ਦੀ ਤਰੱਕੀ ਵਿੱਚ ਹਿੱਸੇਦਾਰ ਬਣ ਸਕਣ।
ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਪਰੇਡ ਦਾ ਨਿਰੀਖਣ ਕੀਤਾ ਗਿਆ। ਉਨ੍ਹਾਂ ਸਿਖਲਾਈ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਕੈਡਿਟਾਂ ਨੂੰ ਸਨਮਾਨਿਤ ਵੀ ਕੀਤਾ।