ਆਖ਼ਰ ਕਿਉਂ ਚੱਲੀਆਂ ਦਰਬਾਰ ਸਾਹਿਬ ਦੇ ਬਾਹਰ ਡਾਂਗਾਂ, ਜਾਣੋ ਪੂਰੀ ਕਹਾਣੀ...!
ਜੌਹਰ ਸਿੰਘ ਬਾਰੇ ਅਕਾਲੀ ਦਲ ਦੇ ਆਗੂ ਸੇਵਾ ਸਿੰਘ ਸੇਖਵਾਂ, ਸਾਬਕਾ ਆਗੂ ਤੇ ਬਲਾਤਕਾਰ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਸੁੱਚਾ ਸਿੰਘ ਲੰਗਾਹ ਵੱਲੋਂ ਉਸ ਸਬੰਧੀ ਅਕਾਲ ਤਖਤ 'ਤੇ ਸ਼ਿਕਾਇਤ ਕੀਤੀ ਗਈ ਸੀ।
ਦੱਸ ਦੇਈਏ ਜੌਹਰ ਸਿੰਘ ਗੁਰਦਵਾਰਾ ਕਾਹਨੂੰਵਾਨ ਛੰਭ ਛੋਟਾ ਘੱਲੂਘਾਰਾ ਦੀ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੈ ਤੇ ਇੱਥੋਂ ਦੇ ਸਕੱਤਰ ਦਾ ਬੀਤੇ ਦਿਨੀਂ ਗੁਰਦਵਾਰੇ ਅੰਦਰ ਕਿਸੇ ਔਰਤ ਨਾਲ ਇਤਰਾਜ਼ਯੋਗ ਹਾਲਾਤ ਵਿੱਚ ਫੜੇ ਜਾਣ ਕਾਰਨ, ਜੌਹਰ ਸਿੰਘ ਨੂੰ ਪ੍ਰਧਾਨ ਹੋਣ ਨਾਤੇ ਜਵਾਬਤਲਬੀ ਲਈ ਸੱਦਿਆ ਗਿਆ ਸੀ।
ਜਦੋਂ ਇਹ ਸਾਰੇ ਹਰਿਮੰਦਰ ਸਾਹਿਬ ਅੰਦਰ ਦਾਖ਼ਲ ਹੋਣ ਲੱਗੇ ਤਾਂ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੇ ਰੋਕ ਲਿਆ, ਜਿਸ ਕਾਰਨ ਟਕਰਾਅ ਹੋ ਗਿਆ।
ਜੌਹਰ ਸਿੰਘ ਨੂੰ ਅਕਾਲ ਤਖ਼ਤ 'ਤੇ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਉਹ ਪੇਸ਼ ਨਹੀਂ ਸੀ ਹੋਇਆ। ਉਹ ਅਕਾਲ ਤਖ਼ਤ ਦੇ ਜਥੇਦਾਰਾਂ ਦੀ ਥਾਂ ਸਰਬੱਤ ਖ਼ਾਲਸਾ ਵੱਲੋਂ ਥਾਪੇ ਜਥੇਦਾਰਾਂ ਦੇ ਸਾਹਮਣੇ ਪੇਸ਼ ਹੋਣ ਲਈ ਆਇਆ ਸੀ।
ਸਰਬਤ ਖ਼ਾਲਸਾ ਵੱਲੋਂ ਥਾਪੇ ਜਥੇਦਾਰ ਛੋਟਾ ਘੱਲੂਘਾਰਾ ਗੁਰਦਵਾਰਾ ਮਾਮਲੇ 'ਚ ਜੌਹਰ ਸਿੰਘ ਦਾ ਪੱਖ ਸੁਣਨ ਲਈ ਹਰਿਮੰਦਰ ਸਾਹਿਬ ਪਹੁੰਚੇ ਸਨ। ਮੁਤਵਾਜ਼ੀ ਜਥੇਦਾਰਾਂ 'ਚੋਂ ਧਿਆਨ ਸਿੰਘ ਮੰਡ, ਬਲਜੀਤ ਸਿੰਘ ਦਾਦੂਵਾਲ ਤੇ ਅਮਰੀਕ ਸਿੰਘ ਅਜਨਾਲਾ ਵੀ ਉੱਥੇ ਮੌਜੂਦ ਸਨ।
ਸਰਬਤ ਖ਼ਾਲਸਾ ਵੱਲੋਂ ਥਾਪੇ ਜਥੇਦਾਰਾਂ ਦੇ ਹਮਾਇਤੀ ਤੇ ਸ਼੍ਰੋਮਣੀ ਕਮੇਟੀ ਮੁਲਾਜ਼ਮ ਆਪਸ ਵਿੱਚ ਝਗੜ ਪਏ। ਇਸ ਕਾਰਨ ਦੋਹਾਂ ਧਿਰਾਂ ਦੇ ਕਈ ਲੋਕ ਜ਼ਖ਼ਮੀ ਵੀ ਹੋਏ।