ਅੰਡਰ-19 ਵਿਸ਼ਵ ਕੱਪ ਦੇ ਫਾਈਨਲ 'ਚ ਗਿੱਲ ਤੇ ਸੰਘਾ ਵਿਚਾਲੇ ਮੁਕਾਬਲਾ
ਪੰਜਾਬ ਦਾ ਨਾਂਅ ਕ੍ਰਿਕੇਟ 'ਚ ਇੱਕ ਵਾਰ ਫਿਰ ਉੱਚਾ ਹੋਇਆ ਹੈ। ਜਿੱਥੇ ਆਸਟ੍ਰੇਲੀਆ ਅੰਡਰ- 19 ਟੀਮ ਦੀ ਕਮਾਨ ਇੱਕ ਪੰਜਾਬੀ ਨੂੰ ਸੌਂਪੀ ਗਈ ਹੈ, ਭਾਰਤ ਦਾ ਸਭ ਤੋਂ ਚਹੇਤਾ ਜੂਨੀਅਰ ਬੱਲੇਬਾਜ਼ ਵੀ ਪੰਜਾਬ ਤੋਂ ਹੈ। ਆਸਟ੍ਰੇਲੀਆਈ ਕਪਤਾਨ ਜੇਸਨ ਜਸਕੀਰਤ ਸਿੰਘ ਸੰਘਾ ਦੇ ਪਿਤਾ ਕੁਲਦੀਪ ਸਿੰਘ ਪੰਜਾਬ ਦੇ ਨਵਾਂ ਸ਼ਹਿਰ ਤੋਂ ਹਨ। ਦੂਜੇ ਪਾਸੇ ਭਾਰਤ ਦਾ ਸ਼ੁਭਮਨ ਸਿੰਘ ਗਿੱਲ ਫਾਜ਼ਿਲਕਾ ਦਾ ਜੰਮਿਆ ਪਲ਼ਿਆ ਹੋਇਆ ਹੈ ਤੇ ਭਾਰਤੀ ਟੀਮ ਦਾ ਉਪ ਕਪਤਾਨ ਵੀ ਹੈ।
ਬੱਲੇਬਾਜ਼ਾਂ ਵਿੱਚ ਸ਼ੁਭਮਨ ਗਿੱਲ, ਓਪਨਰ ਅਤੇ ਕਪਤਾਨ ਪ੍ਰਿਥਵੀ ਸ਼ਾਹ, ਮਨਜੋਤ ਕਾਲਰਾ, ਹਾਰਵਿਕ ਦੇਸਾਈ ਦਾ ਪ੍ਰਦਰਸ਼ਨ ਬਿਹਤਰੀਨ ਰਿਹਾ ਹੈ ਤਾਂ ਗੇਂਦਬਾਜ਼ਾਂ ਵਿੱਚ ਸ਼ਿਵਮ ਮਾਵੀ, ਕਮਲੇਸ਼ ਨਾਗਰਕੋਟੀ, ਅਨਕੂਲ ਰਾਏ 'ਤੇ ਸਭ ਦੀਆਂ ਨਿਗਾਹਾਂ ਟਿਕੀਆਂ ਹਨ।
ਪਾਕਿਸਤਾਨ ਖਿਲਾਫ ਸੈਮੀ ਫਾਈਨਲ ਵਿੱਚ ਟੀਮ ਨੇ ਬਿਹਤਰੀਨ ਫ਼ੀਲਡਿੰਗ ਦਿਖਾਉਂਦਿਆਂ ਹੋਇਆਂ ਵਿਰੋਧੀ ਟੀਮ ਨੂੰ ਸਿਰਫ 69 ਦੌੜਾਂ 'ਤੇ ਹੀ ਢੇਰ ਕਰ ਦਿੱਤਾ ਸੀ। ਆਈ.ਸੀ.ਸੀ. ਅੰਡਰ-19 ਵਿਸ਼ਵ ਕੱਪ ਇਤਿਹਾਸ ਵਿੱਚ ਕਿਸੇ ਟੀਮ ਵੱਲੋਂ ਬਣਾਇਆ ਸਭ ਤੋਂ ਘੱਟ ਸਕੋਰ ਹੈ।
ਭਾਰਤ ਨੇ ਪਾਕਿਸਤਾਨ ਨੂੰ ਸੈਮੀ ਫਾਈਨਲ ਵਿੱਚ 203 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ ਹੈ, ਜਦਕਿ ਆਸਟ੍ਰੇਲੀਆ ਅਫਗਾਨਿਸਤਾਨ ਨੂੰ 6 ਵਿਕਟਾਂ ਨਾਲ ਹਰਾ ਕੇ ਵਿਸ਼ਵ ਕੱਪ ਦੇ ਅੰਤਮ ਪੜਾਅ 'ਤੇ ਪੁੱਜਿਆ ਹੈ।
ਤਜਰਬੇਕਾਰ ਖਿਡਾਰੀਆਂ ਨਾਲ ਭਰੀ ਭਾਰਤੀ ਟੀਮ ਦੀ ਖਾਸੀਅਤ ਹੈ ਗੇਂਦਬਾਜ਼ੀ, ਬੱਲੇਬਾਜ਼ੀ ਤੇ ਫ਼ੀਲਡਿੰਗ ਵਿੱਚ ਕਮਾਲ ਦਾ ਪ੍ਰਦਰਸ਼ਨ।
ਮੁਕਾਬਲੇ ਦੀ ਸ਼ੁਰੂਆਤ ਤੋਂ ਹੀ ਭਾਰਤੀ ਜੂਨੀਅਰ ਬੱਲੇਬਾਜ਼ਾਂ ਤੇ ਗੇਂਦਬਾਜ਼ਾਂ ਨੇ ਹੁਣ ਤਕ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਹੈ ਉਸ ਤੋਂ ਬਾਅਦ ਭਾਰਤੀ ਟੀਮ ਵਿਸ਼ਵ ਕੱਪ ਦੀ ਮੁੱਖ ਦਾਅਵੇਦਾਰਾਂ ਵਿੱਚ ਗਿਣੀ ਜਾਣ ਲੱਗੀ ਸੀ।
ਨਵੀਂ ਦਿੱਲੀ- ਸਾਬਕਾ ਦਿੱਗਜ ਖਿਡਾਰੀ ਰਾਹੁਲ ਦ੍ਰਵਿੜ ਦੇ ਮਾਰਗਦਰਸ਼ਨ ਅਤੇ ਨੌਜਵਾਨ ਬੱਲੇਬਾਜ਼ ਪ੍ਰਿਥਵੀ ਸ਼ਾਹ ਦੀ ਕਪਤਾਨੀ ਹੇਠ ਆਈ.ਸੀ.ਸੀ. ਅੰਡਰ-19 ਵਿਸ਼ਵ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਨਾਲ ਜੇਤੂ ਰਹਿ ਕੇ ਫਾਈਨਲ ਵਿੱਚ ਪਹੁੰਚੀ ਭਾਰਤੀ ਕ੍ਰਿਕਟ ਟੀਮ ਸ਼ਨੀਵਾਰ ਨੂੰ ਆਸਟਰੇਲੀਆ ਖਿਲਾਫ ਖਿਤਾਬ ਜਿੱਤਣ ਲਈ ਉਤਰੇਗੀ।
ਨੌਜਵਾਨ ਟੀਮ ਇੰਡੀਆ ਨੇ ਟੂਰਨਾਮੈਂਟ ਵਿੱਚ ਖੇਡੇ ਸਾਰੇ 5 ਮੈਚ ਜਿੱਤੇ ਹਨ। ਭਾਰਤ ਨੇ ਲੀਗ ਦੇ ਪਹਿਲੇ ਮੁਕਾਬਲੇ ਵਿੱਚ ਆਸਟਰੇਲੀਆ ਨੂੰ 100 ਦੌੜਾਂ ਨਾਲ ਹਰਾਇਆ ਸੀ ਅਤੇ ਹੁਣ ਇੱਕ ਵਾਰ ਫਿਰ ਇਸੇ ਹੀ ਪ੍ਰਦਰਸ਼ਨ ਨੂੰ ਦੁਹਰਾਉਣ ਦੀ ਉਮੀਦ ਕੀਤੀ ਜਾ ਰਹੀ ਹੈ।