ਵਿਸਾਖ਼ੀ ਮੇਲੇ 'ਤੇ ਲਾਡਲੀਆਂ ਫੌਜਾਂ ਨੇ ਦਿਖਾਏ ਜੌਹਰ
ਖ਼ਾਲਸਾ ਸਿਰਜਨਾ ਦਿਵਸ ਜਾਂ ਵਿਸਾਖੀ ਦਾ ਮੇਲਾ ਖ਼ਾਲਸਾਈ ਜਾਹੋ ਜਲਾਲ ਨਾਲ ਸਮਾਪਤ ਹੋਇਆ। ਗੁਰੂ ਕੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘਾਂ ਦੀਆਂ ਸਮੂਹ ਜਥੇਬੰਦੀਆਂ ਨੇ ਇੱਕਜੁੱਟ ਹੋ ਕੇ ਮੁਹੱਲੇ ਦੀ ਰਸਮ ਵਿੱਚ ਹਾਜ਼ਰੀ ਲਵਾਈ। ਆਖ਼ਰੀ ਦਿਨ ਮੇਲੇ ਦੀ ਸਮਾਪਤੀ ਮੌਕੇ ਨਿਹੰਗ ਸਿੰਘਾਂ ਵੱਲੋਂ ਮੁਹੱਲਾ ਸਜਾ ਕੇ ਮੇਲੇ ਦੀ ਸਮਾਪਤੀ ਕੀਤੀ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਮੁਹੱਲਾ ਸਜਾਇਆ ਗਿਆ।
ਬੁੱਢਾ ਦਲ ਮੁਖੀ ਨੇ ਕਿਹਾ ਕਿ ਪੁਰਾਤਨ ਸਮੇਂ ਤੋ ਚਲਦੀ ਆ ਰਹੀ ਇਸ ਰੀਤ ਨੂੰ ਬਰਕਰਾਰ ਰੱਖਣ ਲਈ ਹਰ ਸਾਲ ਵਿਸਾਖੀ ਦੀ ਸਮਾਪਤੀ ਮੌਕੇ ਖ਼ਾਲਸਾਈ ਜਾਹੋ ਜਲਾਲ ਨਾਲ ਮੁਹੱਲਾ ਕੱਢਿਆ ਜਾਂਦਾ ਹੈ। ਮੁਖੀ ਨੇ ਪ੍ਰਸ਼ਾਸਨ ਵੱਲੋਂ ਮਹੱਲੇ ਨੂੰ ਲੈ ਕੇ ਯੋਗ ਪ੍ਰਬੰਧ ਨਾ ਕਰਨ ਦਾ ਦੋਸ਼ ਲਾਉਂਦਿਆਂ ਸਰਕਾਰ ਤੋਂ ਮੁਹੱਲੇ ਲਈ ਪੁਖ਼ਤਾ ਪ੍ਰਬੰਧ ਕੀਤੇ ਜਾਮ ਦੀ ਮੰਗ ਕੀਤੀ।
ਮੁਹੱਲਾ ਬੁੱਢਾ ਦਲ ਦੇ ਮੁੱਖ ਗੁਰਦੁਆਰਾ ਬੇਰ ਸਾਹਿਬ, ਦੇਗਸਰ ਸਾਹਿਬ ਤੋ ਚੱਲ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ’ਤੇ ਨਤਮਸਤਕ ਹੁੰਦਾ ਹੋਇਆ ਗੁਰਦੁਆਰਾ ਮਹੱਲਸਰ ਸਾਹਿਬ ਪੁੱਜਾ।
ਗੁਰੂ ਵੱਲੋਂ ਜੁਰਮ ਨਾਲ ਟਾਕਰਾ ਲੈਣ ਲਈ ਸਾਜੇ ਸਿੰਘ ਦਸਤਾਰਾਂ ਸਜਾ ਕੇ ਵਿਰਸੇ ਨੂੰ ਜਿਊਂਦਾ ਰੱਖਣ ਦੇ ਨਾਲ-ਨਾਲ ਅੱਜ ਦੀ ਨੌਜਵਾਨ ਪੀੜ੍ਹੀ ਲਈ ਵੀ ਖਿੱਚ ਦਾ ਕੇਂਦਰ ਬਣ ਰਹੇ ਹਨ।
ਬਠਿੰਡਾ ਜ਼ਿਲ੍ਹੇ ਦੇ ਧਾਰਮਿਕ ਸਥਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਐਤਵਾਰ ਨੂੰ ਬੁੱਢਾ ਦਲ ਛਿਆਨਵੇਂ ਕਰੋੜੀ ਮੁਖੀ ਬਾਬਾ ਬਲਵੀਰ ਸਿੰਘ ਦੀ ਅਗਵਾਈ ਵਿੱਚ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਮੁਹੱਲਾ ਸਜਾਇਆ ਗਿਆ।
ਇੱਥੇ ਮੱਥਾ ਟੇਕਣ ਪਿੱਛੋਂ ਮੈਦਾਨ ਵਿੱਚ ਨਿਹੰਗ ਸਿੰਘਾਂ ਨੇ ਗਤਕਾ, ਘੁੜਸਵਾਸੀ, ਕਿੱਲਾ ਪੁੱਟਣਾ, ਦੋ ਘੋੜਿਆਂ ਦੀ ਸਵਾਰੀ ਕਰਨ ਤੇ ਹੋਰ ਕਰਤੱਬਾਂ ਦੇ ਜੌਹਰ ਵਿਖਾਏੇ। ਬੁੱਢਾ ਦਲ ਦੇ ਮੁਖੀ ਵੱਲੋਂ ਘੁੜਸਵਾਰਾਂ ਤੇ ਨਿਸ਼ਾਨਚੀ ਸਿੰਘਾਂ ਨੂੰ ਸਨਮਾਨਤ ਕੀਤਾ ਗਿਆ।