ਦਿਨੇ ਮੰਤਰੀ ਤੇ ਰਾਤ ਨੂੰ ਕਮੇਡੀਅਨ ਬਣਨਗੇ ਸਿੱਧੂ
ਚੰਡੀਗੜ੍ਹ: ਪੰਜਾਬ ਵਿੱਚ ਮੰਤਰੀ ਬਣਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਸ਼ੁੱਕਰਵਾਰ ਨੂੰ ਪਹਿਲੀ ਵਾਰ ਮੀਡੀਆ ਨਾਲ ਗੱਲਬਾਤ ਕੀਤੀ। ਸਿੱਧੂ ਨੇ ਕਿਹਾ ਕਿ ਉਨ੍ਹਾਂ ਦਾ ਪਹਿਲਾ ਏਜੰਡਾ ਪੰਜਾਬ ਦਾ ਵਿਕਾਸ ਕਰਨਾ ਹੈ ਪਰ ਉਹ ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ ਵਿੱਚ ਕੰਮ ਕਰਦੇ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਉਹ ਦਿਨ ਵਿੱਚ ਮੰਤਰੀ ਦਾ ਕੰਮ ਤੇ ਰਾਤ ਨੂੰ ਕਾਮੇਡੀ ਸ਼ੋਅ ਦਾ ਕੰਮ ਕਰਨਗੇ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਹੁਣ ਰਾਜਨੀਤੀ ਵਿੱਚ ਲੋਕਾਂ ਦਾ ਭਰੋਸਾ ਜਗਾਉਣਾ ਵੀ ਉਨ੍ਹਾਂ ਦਾ ਏਜੰਡਾ ਰਹੇਗਾ।
ਸਿੱਧੂ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਕਾਮੇਡੀ ਸ਼ੋਅ ਵਿੱਚ ਬਤੌਰ ਜੱਜ ਹੀ ਸ਼ਿਰਕਤ ਕਰਨਗੇ। ਇਸ ਲਈ ਉਹ ਰਾਤ ਨੂੰ ਸ਼ੂਟਿੰਗ ਦਾ ਕੰਮ ਖ਼ਤਮ ਕਰਿਆ ਕਰਨਗੇ। ਸਿੱਧੂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਵਿਕਾਸ ਵਿੱਚ ਉਹ ਕੋਈ ਕਸਰ ਨਹੀਂ ਛੱਡਣਗੇ
ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਰਿਆਲਿਟੀ ਸ਼ੋਅ ਬਿੱਗ ਬੌਸ ਦਾ ਹਿੱਸਾ ਵੀ ਰਹਿ ਚੁੱਕੇ ਹਨ। ਮੰਨਿਆ ਜਾ ਰਿਹਾ ਹੈ ਕਿ ਜੇਕਰ ਉਹ ਡਿਪਟੀ ਸੀ.ਐਮ. ਬਣਦੇ ਤਾਂ ਕਾਮੇਡੀ ਸ਼ੋਅ ਵਿੱਚ ਕੰਮ ਨਾ ਕਰਦੇ ਪਰ ਹੁਣ ਉਨ੍ਹਾਂ ਨੇ ਸਿਰਫ਼ ਕੈਬਨਿਟ ਮੰਤਰੀ ਦਾ ਦਰਜਾ ਮਿਲਿਆ ਹੈ।
ਇਸ ਲਈ ਉਹ ਆਪਣੇ ਸੈਲੀਬ੍ਰਿਟੀ ਸਟੇਟਸ ਨਾਲ ਸਮਝੌਤਾ ਨਹੀਂ ਕਰਨਾ ਚਾਹੁੰਦੇ। ਬਹਰਹਾਲ ਇਹ ਦੇਖਣਾ ਹੋਵੇਗਾ ਕਿ ਸ਼ੋਅ ਤੇ ਕੰਮ ਵਿੱਚ ਤਾਲਮੇਲ ਕਿਵੇਂ ਰੱਖਣਗੇ।