ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਤੋਂ ਅੱਕੇ ਟੈਂਕੀ 'ਤੇ ਚੜ੍ਹੇ ਮਾਪੇ
ਮੌਕੇ 'ਤੇ ਪੁੱਜੇ ਫਰੀਦਕੋਟ ਦੇ ਡੀਐਸਪੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਦੀ ਫੀਸ ਨੂੰ ਲੈ ਕੇ ਇਹ ਲੋਕ ਸਰਕਾਰੀ ਹਸਪਤਾਲ ਦੀ ਪਾਣੀ ਦੀ ਟੈਂਕੀ 'ਤੇ ਚੜ੍ਹੇ ਹਨ। ਇਨ੍ਹਾਂ ਨਾਲ ਗੱਲ ਕੀਤੀ ਜਾ ਰਹੀ ਹੈ।
ਇਨ੍ਹਾਂ ਨੂੰ ਡੀਸੀ ਨਾਲ ਮਿਲਣ ਨੂੰ ਕਿਹਾ ਗਿਆ ਹੈ ਕਿਉਂਕਿ ਇਹ ਸਰਕਾਰੀ ਜਗ੍ਹਾ ਹੈ ਤੇ ਹਸਪਤਾਲ ਹੋਣ ਦੇ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਆ ਸਕਦੀ ਹੈ।
ਫਰੀਦਕੋਟ: ਪੰਜਾਬ ਵਿੱਚ ਪ੍ਰਾਈਵੇਟ ਸਕੂਲਾਂ ਵੱਲੋਂ ਫੀਸਾਂ ਦੇ ਨਾਂ 'ਤੇ ਕੀਤੀ ਜਾ ਰਹੀ ਲੁੱਟ ਲਗਾਤਾਰ ਜਾਰੀ ਹੈ। ਸਕੂਲੀ ਬੱਚਿਆਂ ਤੋਂ ਰੀ-ਐਡਮਿਸ਼ਨ ਫੀਸ ਦੇ ਨਾਂ 'ਤੇ ਮੋਟੀ ਰਕਮ ਵਸੂਲੀ ਜਾ ਰਹੀ ਹੈ। ਇਸ ਦੇ ਚੱਲਦਿਆਂ ਅੱਜ ਫਰੀਦਕੋਟ 'ਚ ਮਾਪਿਆਂ ਵੱਲੋਂ ਧਰਨਾ ਲਾਇਆ ਗਿਆ।
ਇਸ ਦੌਰਾਨ ਪੇਰੈਂਟਸ ਐਸੋਸੀਏਸ਼ਨ ਮੈਂਬਰ ਅਮਨ ਵੜਿੰਗ ਤੇ ਸੁਖਵਿੰਦਰ ਸੁੱਖਾ ਨੇ ਕਿਹਾ ਕਿ ਕਾਫ਼ੀ ਲੰਬੇ ਸਮੇਂ ਤੋਂ ਸਕੂਲ ਵਿੱਚ ਫੀਸ ਨੂੰ ਲੈ ਕੇ ਰੋਸ ਚੱਲ ਰਿਹਾ ਹੈ। ਹੁਣ ਸਕੂਲ ਨੇ ਬੱਚਿਆਂ ਤੋਂ ਰੀ-ਐਡਮਿਸ਼ਨ ਫੀਸ ਲਈ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਚਿਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਹ ਟੈਂਕੀ ਤੋਂ ਹੇਠਾਂ ਨਹੀਂ ਉੱਤਰਨਗੇ।
ਸਕੂਲ ਪ੍ਰਸ਼ਾਸਨ ਦੇ ਇਸ ਰਵੱਈਏ ਤੋਂ ਨਰਾਜ਼ ਬੱਚਿਆਂ ਦੇ ਮਾਪੇ ਤੇ ਕਮੇਟੀ ਮੈਂਬਰ ਸਰਕਾਰੀ ਹਸਪਤਾਲ ਦੀ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਗਏ। ਸਕੂਲ ਪ੍ਰਸ਼ਾਸਨ ਤੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਮੌਕੇ ਦੀ ਨਜ਼ਾਕਤ ਨੂੰ ਸਮਝਦਿਆਂ ਮੌਕੇ 'ਤੇ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ।
ਇੱਥੇ ਸੇਂਟ ਮੈਰੀ ਸਕੂਲ ਦੇ ਗੇਟ 'ਤੇ ਬੱਚਿਆਂ ਦੇ ਮਾਪਿਆਂ ਵੱਲੋਂ ਸਕੂਲ ਪ੍ਰਸ਼ਾਸਨ ਖਿਲਾਫ ਧਰਨਾ ਲਾ ਦਿੱਤਾ ਗਿਆ। ਇਸ ਤੋਂ ਬਾਅਦ ਸਕੂਲ ਪ੍ਰਬੰਧਨ ਨੇ ਉਨ੍ਹਾਂ ਨੂੰ ਵਿਵਾਦ ਸੁਲਝਾਉਣ ਲਈ ਅੰਦਰ ਤਾਂ ਬੁਲਾਇਆ ਪਰ ਕੋਈ ਹੱਲ ਨਾ ਕੱਢਿਆ ।