ਮੁਹਾਲੀ 'ਚ ਨਵਜੋਤ ਸਿੱਧੂ ਖਿਲਾਫ ਪੋਸਟਰ, ਸਿਆਸਤ ਛੱਡਣ 'ਤੇ ਚੁੱਕੇ ਸਵਾਲ
ਚੰਡੀਗੜ੍ਹ: ਮੁਹਾਲੀ ਵਿੱਚ ਲੋਕ ਸਭਾ ਚੋਣਾਂ ਦੇ ਸਟਾਰ ਪ੍ਰਚਾਰਕ ਨਵਜੋਤ ਸਿੱਧੂ ਨੂੰ ਪੁੱਛਿਆ ਜਾ ਰਿਹਾ ਹੈ ਕਿ ਉਹ ਸਿਆਸਤ ਕਦੋਂ ਛੱਡਣਗੇ? ਦਰਅਸਲ ਸਿੱਧੂ ਦੇ ਬਿਆਨ ਨੂੰ ਪੋਸਟਰਾਂ 'ਤੇ ਛਾਪ ਕੇ ਉਨ੍ਹਾਂ ਨੂੰ ਇਹ ਸਵਾਲ ਪੁੱਛੇ ਜਾ ਰਹੇ ਹਨ। ਦੱਸ ਦੇਈਏ ਸਿੱਧੂ ਨੇ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਬਿਆਨ ਦਿੱਤਾ ਸੀ ਜੇ ਰਾਹੁਲ ਗਾਂਧੀ ਅਮੇਠੀ ਤੋਂ ਚੋਣ ਹਾਰ ਗਏ ਤਾਂ ਨਵਜੋਤ ਸਿੱਧੂ ਸਿਆਸਤ ਛੱਡ ਦੇਣਗੇ।
ਇਹ ਸਾਈਨ ਬੋਰਡ 'ਤੇ ਪੋਸਟਰਾਂ ਤੋਂ ਪਹਿਲਾਂ ਮੁਹਾਲੀ ਦਾ ਇੱਕ ਗਾਈਡ ਮੈਪ ਸੀ, ਜੋ ਫਟਿਆ ਹੋਇਆ ਹੈ। ਸਵਾਲ ਇਹ ਕਿ ਆਖਿਰ ਪੋਸਟਰ ਲਾਉਣ ਪਿੱਛੇ ਕਿਸ ਦਾ ਹੱਥ ਹੈ? ਕੀ ਇਹ ਇੱਕ ਸਿਆਸੀ ਸ਼ਰਾਰਤ ਹੈ ਜਾਂ ਲੋਕਾਂ ਦਾ ਰੋਸ?
ਲੋਕਾਂ ਨੇ ਪੋਸਟਰਾਂ 'ਤੇ ਸਿੱਧੂ ਨੂੰ ਸਵਾਲ ਪੁੱਛਿਆ ਹੈ ਕਿ ਹੁਣ ਉਹ ਸਿਆਸਤ ਕਿਉਂ ਨਹੀਂ ਛੱਡ ਰਹੇ? ਸਿੱਧੂ ਦੇ ਬਿਆਨ ਨੂੰ ਦੁਬਾਰਾ ਤੋਂ ਪੋਸਟਰਾਂ 'ਤੇ ਲਿਖਿਆ ਗਿਆ ਤੇ ਸਵਾਲ ਪੁੱਛਿਆ ਗਿਆ ਹੈ ਕਿ ਉਹ ਸਿਆਸਤ ਕਦੋਂ ਛੱਡਣਗੇ। ਪੋਸਟਰਾਂ ਨੂੰ ਪੰਜਾਬ ਅਰਬਨ ਪਲਾਨਿੰਗ ਅਥਾਰਿਟੀ ਦੇ ਇੱਕ ਸਾਈਨ ਬੋਰਡ 'ਤੇ ਲਾਇਆ ਗਿਆ ਹੈ।
ਹੁਣ ਜਦੋਂ ਰਾਹੁਲ ਅਮੇਠੀ ਤੋਂ ਚੋਣ ਹਾਰ ਗਏ ਹਨ ਤੇ ਹਾਲੇ ਵੀ ਸਿੱਧੂ ਆਪਣੇ ਬਦਲੇ ਗਏ ਵਿਭਾਗ ਨੂੰ ਲੈ ਕੇ ਜ਼ਿੱਦ 'ਤੇ ਅੜੇ ਹੋਏ ਹਨ ਤਾਂ ਲੋਕ ਪੋਸਟਰਾਂ ਉੱਤੇ ਉਨ੍ਹਾਂ ਦੇ ਬਿਆਨ ਛਾਪ ਕੇ ਉਨ੍ਹਾਂ ਨੂੰ ਚੋਣ ਪ੍ਰਚਾਰ ਵੇਲੇ ਲਿਆ ਗਿਆ ਅਹਿਦ ਯਾਦ ਦਿਵਾ ਰਹੇ ਹਨ।