ਜਾਖੜ ਦੇ ਘਰ ਮੂਹਰੇ ਕਾਂਗਰਸ ਨੂੰ ਮਾਰੇ ਲਲਕਾਰੇ, ਅਕਾਲੀ ਯੋਧਿਆਂ ਦਾ ਕਰੋ ਸਾਹਮਣਾ
ਚੰਡੀਗੜ੍ਹ/ਅਬੋਹਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਕੱਲ੍ਹ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਅਬੋਹਰ ਨੇੜੇ ਪੈਂਦੇ ਜੱਦੀ ਪਿੰਡ ਪੰਜ ਕੋਸੀ ਵਿੱਚ ਪੁੱਜੇ। ਉਨ੍ਹਾਂ ਜਾਖੜ ਦੇ ਘਰ ਦੇ ਬਿਲਕੁਲ ਨਜ਼ਦੀਕ ਅਕਾਲੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਜਾਖੜ ਤੇ ਸਿੱਖਾਂ ਦੀ ਦੁਸ਼ਮਣ ਕਾਂਗਰਸ ਨੂੰ ਲਲਕਾਰ ਕੇ ਕਹਿੰਦੇ ਹਨ ਕਿ ਉਹ ਬਾਹਰ ਆ ਕੇ ਸਿਰਲੱਥ ਅਕਾਲੀ ਯੋਧਿਆਂ ਦਾ ਸਾਹਮਣਾ ਕਰਨ। ਖਾਲਸਾ ਨੂੰ ਜਿੰਨਾ ਕੋਈ ਵੰਗਾਰਦਾ ਹੈ, ਉਹ ਓਨਾ ਹੀ ਫਲਦਾ ਤੇ ਫੈਲਦਾ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਵਿਖਾਉਂਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਜਾਂ ਖਤਮ ਕਰਨਾ ਬਹੁਤ ਜਰੂਰੀ ਹੈ, ਕਿਉਂਕਿ ਇਹ ਪਾਰਟੀ ਸਿੱਖਾਂ ਦੀ ਰਾਖੀ ਕਰਨ ਲਈ ਸਭ ਤੋਂ ਵੱਡੀ ਢਾਲ ਹੈ। ਅਕਾਲੀ ਦਲ ਉੱਤੇ ਵਾਰ ਪੰਥ ਨੂੰ ਨਿਹੱਥਾ ਕਰਨ ਦੀ ਕਾਂਗਰਸੀ ਸਾਜ਼ਿਸ਼ ਦਾ ਹਿੱਸਾ ਹੈ। ਉਹਨਾਂ ਕਿਹਾ ਕਿ ਕਾਂਗਰਸ ਜਾਣਦੀ ਹੈ ਕਿ ਜੇ ਅਕਾਲੀ ਦਲ ਨਾ ਰਿਹਾ ਤਾਂ ਸਿੱਖ ਤੇ ਪੰਜਾਬੀ ਨਿਹੱਥੇ ਹੋ ਜਾਣਗੇ ਤੇ ਇਸ ਨੂੰ ਸ੍ਰੀ ਹਰਿਮੰਦਰ ਸਾਹਿਬ ਉੱਤੇ ਟੈਂਕ ਚੜਾਉਣ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਨ ਅਤੇ ਜਿੱਥੇ ਚਾਹੇ ਹਜ਼ਾਰਾਂ ਨਿਰਦੋਸ਼ ਸਿੱਖਾਂ ਨੂੰ ਮਾਰ ਕੇ 1984 ਵਰਗੀਆਂ ਨਸਲਕੁਥਸ਼ੀਆਂ ਤੋਂ ਰੋਕਣ ਲਈ ਕੋਈ ਨਹੀਂ ਹੋਵੇਗਾ। ਅਕਾਲੀਆਂ ਤੋਂ ਬਿਨਾਂ ਸਿੱਖਾਂ ਦੇ ਦੁਸ਼ਮਣਾਂ ਦਾ ਰਾਹ ਕੌਣ ਡੱਕੇਗਾ? ਸਿੱਖਾਂ ਦੀ ਰਾਖੀ ਕੌਣ ਕਰੇਗਾ?
ਇਸ ਮੌਕੇ ਸਰਦਾਰ ਬਾਦਲ ਨੇ ਇਲਜ਼ਾਮ ਲਾਇਆ ਕਿ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਦੀ ਪੰਜਾਬ ਵਿੱਚ ਮੁੱਖ ਲੜਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜ਼ਰੀਏ ਸਿੱਖ ਸੰਸਥਾਵਾਂ ’ਤੇ ਕਬਜ਼ੇ ਕਰਨ ਦੀ ਹੈ।
ਪਿਛਲੇ ਹਫ਼ਤੇ ਜਾਖੜ ਵੱਲੋਂ ਕੀਤੇ ਦਾਅਵੇ ਕਿ ਅਕਾਲੀ ਆਗੂਆਂ ਖਾਸ ਕਰਕੇ ਬਾਦਲਾਂ ਨੂੰ ਪਿੰਡਾਂ ਵਿੱਚ ਨਹੀਂ ਵੜਣ ਦਿੱਤਾ ਜਾਵੇਗਾ, ਦਾ ਮੋੜਵਾਂ ਜੁਆਬ ਦੇਣ ਵਾਲੀ ਸੁਖਬੀਰ ਬਾਦਲ ਨੇ ਰੈਲੀ ਕੀਤੀ।
ਉਨ੍ਹਾਂ ਪਾਰਟੀ ਵਰਕਰਾਂ ਨੂੰ 9 ਸਤੰਬਰ ਨੂੰ ਅਬੋਹਰ ਵਾਲੀ ਰੈਲੀ ਉੱਤੇ ਜੰਗ ਦਾ ਬਿਗਲ ਵਜਾਉਣ ਲਈ ਤਿਆਰ ਰਹਿਣ ਵਾਸਤੇ ਕਿਹਾ।
ਉਹ੍ਹਾਂ ਕਿਹਾ ਕਿ ਇਹ ਰਿਪੋਰਟ ਗਿੱਲਾ ਪਟਾਕਾ ਹੈ, ਕਿਉਂਕਿ ਇਹ ਇੱਕ ਪੱਖਪਾਤੀ ਤੇ ਵਿਤਕਰੇ ਭਰੀ ਮਾਨਿਸਕਤਾ ਨਾਲ ਬੇਬੁਨਿਆਦ ਦੋਸ਼ਾਂ,ਅੰਦਾਜ਼ਿਆਂ, ਅਟਕਲਾਂ ਤੇ ਅਨੁਮਾਨਾਂ ਦੇ ਅਧਾਰ ਉੱਤੇ ਗੁੱਝੇ ਹਿੱਤਾਂ ਦੀ ਪੂਰਤੀ ਲਈ ਤਿਆਰ ਕੀਤੀ ਗਈ ਹੈ। ਅਦਾਲਤ ਵਿੱਚ ਪੇਸ਼ ਕੀਤੇ ਜਾਣ ਤੋਂ ਪਹਿਲਾਂ ਹੀ ਇਹ ਰਿਪੋਰਟ ਵਾਪਸ ਵਕੀਲ ਦੇ ਮੂੰਹ ਉੱਤੇ ਵਗਾਹ ਦੇ ਮਾਰਨ ਦੇ ਯੋਗ ਹੈ।
ਬੇਅਦਬੀ ਨੂੰ ਸਭ ਤੋਂ ਦੁੱਖ ਦੇਣ ਵਾਲਾ ਤੇ ਕਦੇ ਮੁਆਫ ਨਾ ਕੀਤਾ ਜਾਣਾ ਵਾਲਾ ਪਾਪ ਕਰਾਰ ਦਿੱਤਾ। ਪੰਜਾਬ ਕਾਂਗਰਸ ਸਰਕਾਰ ਨੂੰ ਲਲਕਾਰਦਿਆਂ ਉਨ੍ਹਾਂ ਆਪ ਆਗੂ ਐਚ ਐਸ ਫੂਲਕਾ ਦੇ ਮਸ਼ਵਰੇ ਨੂੰ ਸਵੀਕਾਰ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਜਾਂ ਤਾਂ ਕਾਂਗਰਸ ਸਰਕਾਰ ਅਖੌਤੀ ਰਣਜੀਤ ਕਮਿਸ਼ਨ ਰਿਪੋਰਟ ਦੇ ਠੋਸ ਅਤੇ ਕਾਰਵਾਈ ਯੋਗ ਹਿੱਸਿਆਂ ਨੂੰ ਸਾਰਿਆਂ ਨਾਲ ਸਾਂਝਾ ਕਰੇ ਜਾਂ ਫਿਰ ਆਪਣੇ ਸਾਰੇ ਮੰਤਰੀਆਂ ਨੂੰ 15 ਸਤੰਬਰ ਨੂੰ ਇਕੱਠੇ ਅਸਤੀਫੇ ਦੇਣ ਲਈ ਕਹਿ ਦੇਵੇ।
ਪੰਜ ਕੋਸੀ ਤੋਂ ਇਲਾਵਾ ਬਾਦਲ ਨੇ ਅਬੋਹਰ ਤੇ ਮਲੋਟ ਵਿਖੇ ਵੀ ਅਕਾਲੀ ਰੈਲੀਆਂ ਕੀਤੀਆਂ। ਮਲੋਟ ਇਕੱਠ ਨੂੰ ਸੰਬੋਧਨ ਕਰਦਿਆਂ ਬਾਦਲ ਨੇ ਪਾਰਟੀ ਦਾ ਸਟੈਂਡ ਦੁਹਰਾਇਆ ਕਿ ਕਾਂਗਰਸ ਪਾਰਟੀ ਅੱਗ ਨਾਲ ਖੇਡਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਸੂਬੇ ਅੰਦਰ ਸ਼ਾਂਤੀ ਤੇ ਫਿਰਕੂ ਸਦਭਾਵਨਾ ਨੂੰ ਲਾਂਬੂ ਲਾ ਰਹੀ ਹੈ।