ਬੇਰੁਜ਼ਗਾਰਾਂ ਵੱਲੋਂ ਅਨੋਖੇ ਢੰਗ ਨਾਲ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼
ਅੰਮ੍ਰਿਤਸਰ: ਅੱਜ ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਸਿੱਖਿਆ ਮੰਤਰੀ ਦੇ ਸ਼ਹਿਰ 'ਚ ਅਨੋਖੇ ਢੰਗ ਨਾਲ ਪ੍ਰਦਰਸ਼ਨ ਰਾਹੀਂ ਕੈਪਟਨ ਸਰਕਾਰ ਨੂੰ ਜਗਾਉਣ ਦਾ ਯਤਨ ਕੀਤਾ ਗਿਆ।
ਰੋਸ ਮੁਜ਼ਾਹਰਾ ਕਰ ਰਹੇ ਇਨ੍ਹਾਂ ਨੌਜਵਾਨਾਂ ਮੁਤਾਬਕ ਕੈਪਟਨ ਨੇ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕਰਕੇ ਨੌਜਵਾਨਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ।
ਬੇਰੁਜ਼ਗਾਰ ਅਧਿਆਪਕਾਂ ਨੇ ਕਿਹਾ ਕਿ ਜੇ ਅਜੇ ਵੀ ਸਰਕਾਰ ਦੀ ਕੁੰਭਕਰਨੀ ਨੀਂਦ ਨਾ ਖੁੱਲ੍ਹੀ ਤਾਂ ਪੰਜਾਬ ਦੇ ਸਾਰੇ 15,000 ਈਟੀਟੀ ਪਾਸ ਬੇਰੁਜ਼ਗਾਰ ਅਧਿਆਪਕ ਸੰਘਰਸ਼ ਹੋਰ ਤਿੱਖਾ ਕਰਨਗੇ।
ਸੂਬੇ ਭਰ ਤੋਂ ਇਕੱਠੇ ਹੋਏ ਬੇਰੁਜ਼ਗਾਰ ਨੌਜਵਾਨਾਂ ਨੇ ਜ਼ਲ੍ਹਿਆਂਵਾਲਾ ਬਾਗ ਤੋਂ ਰੋਸ ਮਾਰਚ ਸ਼ੁਰੂ ਕੀਤਾ ਤੇ ਲੋਕਾਂ ਦੇ ਬੂਟ ਪਾਲਿਸ਼ ਕਰਕੇ ਤੇ ਠੂਠੇ ਫੜ੍ਹ ਭੀਖ ਮੰਗ ਕੇ ਪ੍ਰਦਰਸ਼ਨ ਕੀਤਾ।
ਪ੍ਰਦਰਸ਼ਨਕਾਰੀਆਂ ਨੇ ਜ਼ਲ੍ਹਿਆਂਵਾਲਾ ਬਾਗ ਤੋਂ ਲੈ ਕੇ ਵਿਰਾਸਤੀ ਮਾਰਗ, ਹਾਲ ਗੇਟ ਤੇ ਭੰਡਾਰੀ ਪੁਲ ਸਮੇਤ ਵੱਖ-ਵੱਖ ਸਥਾਨਾਂ ਤੇ ਬੂਟ ਪਾਲਿਸ਼ ਕੀਤੇ ਤੇ ਭੀਖ ਮੰਗੀ ਤਾਂ ਜੋ ਸੂਬਾ ਸਰਕਾਰ ਦਾ ਖਾਲੀ ਖਜ਼ਾਨਾ ਭਰਿਆ ਜਾ ਸਕੇ।