ਬਾਰਸ਼ ਤੋਂ ਬਾਅਦ ਟੁੱਟਿਆ ਸੂਆ, ਪੂਰਾ ਇਲਾਕਾ ਹੋਇਆ ਜਲਥਲ
ਸਾਉਣ ਮਹੀਨੇ ਦੇ ਪਹਿਲੇ ਦਿਨ ਤੋਂ ਹੋ ਰਹੀ ਬਾਰਸ਼ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ, ਉੱਥੇ ਹੀ ਪਟਿਆਲਾ ਦੇ ਕਿਸਾਨਾਂ ਤੇ ਸਕੂਲੀ ਬੱਚਿਆਂ ਦੀਆਂ ਮੁਸੀਬਤਾਂ ਵਧਾ ਦਿੱਤੀਆਂ ਹਨ।
ਪਟਿਆਲਾ: ਜ਼ਿਲ੍ਹੇ ਦੇ ਕਸਬੇ ਬਹਾਦਰਗੜ੍ਹ ਨਾਲ ਲੱਗਦੇ ਪਿੰਡ ਚਮਾਰਹੇੜੀ ਵਿੱਚ ਭਾਰੀ ਮੀਂਹ ਕਾਰਨ ਸੂਏ ਦੇ ਟੁੱਟਣ ਨਾਲ ਹਜ਼ਾਰਾਂ ਏਕੜ ਫ਼ਸਲ ਡੁੱਬ ਗਈ।
ਬਾਰਸ਼ ਨਾਲ ਪਾਣੀ ਦਾ ਵਹਾਅ ਜ਼ਿਆਦਾ ਹੋ ਜਾਣ ਨਾਲ ਪਿੰਡ ਚਮਾਰਹੇੜੀ ਵਿੱਚੋਂ ਲੰਘਦਾ ਸੂਆ ਓਵਰਫਲੋਅ ਹੋ ਕੇ ਟੁੱਟ ਗਿਆ, ਜਿਸ ਕਰਕੇ ਪਿੰਡ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਪਾਣੀ ਭਰ ਜਾਣ ਕਾਰਨ ਸਕੂਲ ਛੱਪੜ ਦਾ ਰੂਪ ਧਾਰਨ ਕਰ ਗਿਆ।
ਸਿੱਖਿਆ ਵਿਭਾਗ ਨੇ ਬੱਚਿਆਂ ਦੀ ਪੜ੍ਹਾਈ ਦਾ ਹੱਲ ਕੀ ਕਰਨਾ ਸੀ, ਪੜ੍ਹਾਈ ਲਾਇਕ ਮਾਹੌਲ ਨਾ ਹੋਣ 'ਤੇ ਛੁੱਟੀ ਵੀ ਨਹੀਂ ਕੀਤੀ ਗਈ।
ਪਰ ਜਦ ਬੱਚਿਆਂ ਦੇ ਮਾਪਿਆਂ ਨੇ ਛੁੱਟੀ ਕਰਨ ਲਈ ਕਿਹਾ ਤਾਂ ਹੀ ਸਕੂਲ ਵਿੱਚ ਛੁੱਟੀ ਕੀਤੀ ਗਈ।
ਨਿਕਾਸੀ ਨਾ ਹੋਣ ਕਾਰਨ ਇਹ ਪਾਣੀ ਕਈ ਦਿਨ ਤਕ ਸਕੂਲ ਵਿੱਚੋਂ ਨਿਕਲਦਾ ਨਜ਼ਰ ਨਹੀਂ ਆਉਂਦਾ ਤੇ ਨਾ ਹੀ ਪ੍ਰਸ਼ਾਸਨ ਵੱਲੋਂ ਕੋਈ ਯਤਨ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਸਥਾਨਕ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਪਾਣੀ ਦਾਖ਼ਲ ਹੋਣ ਤੇ ਨਿਕਾਸੀ ਨਾ ਹੋਣ ਕਾਰਨ ਛੱਪੜ ਦਾ ਰੂਪ ਧਾਰ ਗਿਆ।
ਮੀਂਹ ਦਾ ਪਾਣੀ ਸਕੂਲ ਪੜ੍ਹਨ ਵਾਲੇ 64 ਬੱਚਿਆਂ ਲਈ ਵੱਡੀ ਮੁਸੀਬਤ ਬਣ ਗਿਆ ਹੈ।