ਬਿਲਾਵਲੁ ਮਹਲਾ ੫ ॥ ਸੰਤ ਸਰਣਿ ਸੰਤ ਟਹਲ ਕਰੀ ॥ ਧੰਧੁ ਬੰਧੁ ਅਰੁ ਸਗਲ ਜੰਜਾਰੋ ਅਵਰ ਕਾਜ ਤੇ ਛੂਟਿ ਪਰੀ ॥੧॥ ਰਹਾਉ ॥ ਸੂਖ ਸਹਜ ਅਰੁ ਘਨੋ ਅਨੰਦਾ ਗੁਰ ਤੇ ਪਾਇਓ ਨਾਮੁ ਹਰੀ ॥ ਐਸੋ ਹਰਿ ਰਸੁ ਬਰਨਿ ਨ ਸਾਕਉ ਗੁਰਿ ਪੂਰੈ ਮੇਰੀ ਉਲਟਿ ਧਰੀ ॥੧॥ ਪੇਖਿਓ ਮੋਹਨੁ ਸਭ ਕੈ ਸੰਗੇ ਊਨ ਨ ਕਾਹੂ ਸਗਲ ਭਰੀ ॥ ਪੂਰਨ ਪੂਰਿ ਰਹਿਓ ਕਿਰਪਾ ਨਿਧਿ ਕਹੁ ਨਾਨਕ ਮੇਰੀ ਪੂਰੀ ਪਰੀ ॥੨॥੭॥੯੩॥



ਸੰਤ ਸਰਣਿ = ਗੁਰੂ ਦੀ ਸਰਨ। ਕਰੀ = (ਜਦੋਂ) ਮੈਂ ਕੀਤੀ। ਧੰਧੁ = ਧੰਧਾ, ਖਲਜਗਨ। ਬੰਧੁ = ਬੰਧਨ। ਅਰੁ = ਅਤੇ। ਜੰਜਾਰੋ = ਜੰਜਾਲ। ਕਾਜ ਤੇ = ਕੰਮਾਂ ਤੋਂ। ਛੂਟਿ ਪਰੀ = (ਮੇਰੀ ਬ੍ਰਿਤੀ) ਛੁੱਟ ਗਈ ॥੧॥ ਸਹਜ = ਆਤਮਕ ਅਡੋਲਤਾ। ਘਨੋ = ਬਹੁਤ। ਤੇ = ਤੋਂ। ਐਸੋ = ਅਜੇਹਾ। ਬਰਨਿ ਨ ਸਾਕਉ = {ਸਾਕਉਂ} ਮੈਂ ਬਿਆਨ ਨਹੀਂ ਕਰ ਸਕਦਾ। ਗੁਰਿ = ਗੁਰੂ ਨੇ। ਗੁਰਿ ਪੂਰੈ = ਪੂਰੇ ਗੁਰੂ ਨੇ। ਮੇਰੀ = ਮੇਰੀ ਬ੍ਰਿਤੀ। ਉਲਟਿ ਧਰੀ = (ਮਾਇਆ ਵਲੋਂ) ਪਰਤਾ ਦਿੱਤਾ ॥੧॥ ਪੇਖਿਓ = ਮੈਂ ਵੇਖ ਲਿਆ। ਮੋਹਨੁ = ਸੋਹਣਾ ਪ੍ਰਭੂ {ਵੇਖੋ ਮੂਲ ਪੰਨਾ ੨੪੮। ਉਥੇ ਭੀ ਪ੍ਰਭੂ ਦਾ ਹੀ ਜ਼ਿਕਰ ਹੈ, ਬਾਬਾ ਮੋਹਨ ਜੀ ਦਾ ਨਹੀਂ}। ਕੈ ਸੰਗੇ = ਦੇ ਨਾਲ। ਊਨ = ਊਣਾ, ਖ਼ਾਲੀ। ਸਗਲ = ਸਾਰੀ ਸ੍ਰਿਸ਼ਟੀ। ਕਿਰਪਾ ਨਿਧਿ = ਕਿਰਪਾ ਦਾ ਖ਼ਜ਼ਾਨਾ ਪ੍ਰਭੂ। ਨਾਨਕ = ਹੇ ਨਾਨਕ! ਪੂਰੀ ਪੂਰੀ = ਮੇਰੀ ਮੇਹਨਤ ਸਫਲ ਹੋ ਗਈ ॥੨॥੭॥੯੩॥


 


ਹੇ ਭਾਈ! ਜਦੋਂ ਮੈਂ ਗੁਰੂ ਦੀ ਸਰਨ ਆ ਪਿਆ, ਜਦੋਂ ਮੈਂ ਗੁਰੂ ਦੀ ਸੇਵਾ ਕਰਨ ਲੱਗ ਪਿਆ, (ਮੇਰੇ ਅੰਦਰੋਂ) ਧੰਧਾ, ਬੰਧਨ ਅਤੇ ਸਾਰਾ ਜੰਜਾਲ (ਮੁੱਕ ਗਿਆ), ਮੇਰੀ ਬ੍ਰਿਤੀ ਹੋਰ ਹੋਰ ਕੰਮਾਂ ਤੋਂ ਅਟੰਕ ਹੋ ਗਈ ॥੧॥ ਰਹਾਉ॥ ਹੇ ਭਾਈ! ਗੁਰੂ ਪਾਸੋਂ ਮੈਂ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ (ਜਿਸ ਦੀ ਬਰਕਤਿ ਨਾਲ) ਆਤਮਕ ਅਡੋਲਤਾ ਦਾ ਸੁਖ ਅਤੇ ਆਨੰਦ (ਮੇਰੇ ਅੰਦਰ ਉਤਪੰਨ ਹੋ ਗਿਆ)। ਹਰਿ-ਨਾਮ ਦਾ ਸੁਆਦ ਮੈਨੂੰ ਅਜੇਹਾ ਆਇਆ ਕਿ ਮੈਂ ਉਹ ਬਿਆਨ ਨਹੀਂ ਕਰ ਸਕਦਾ। ਗੁਰੂ ਨੇ ਮੇਰੀ ਬ੍ਰਿਤੀ ਮਾਇਆ ਵਲੋਂ ਪਰਤਾ ਦਿੱਤੀ ॥੧॥ ਹੇ ਭਾਈ! (ਗੁਰੂ ਦੀ ਕਿਰਪਾ ਨਾਲ) ਸੋਹਣੇ ਪ੍ਰਭੂ ਨੂੰ ਮੈਂ ਸਭ ਵਿਚ ਵੱਸਦਾ ਵੇਖ ਲਿਆ ਹੈ, ਕੋਈ ਭੀ ਥਾਂ ਉਸ ਪ੍ਰਭੂ ਤੋਂ ਸੱਖਣਾ ਨਹੀਂ ਦਿੱਸਦਾ, ਸਾਰੀ ਹੀ ਸ੍ਰਿਸ਼ਟੀ ਪ੍ਰਭੂ ਦੀ ਜੀਵਨ-ਰੌ ਨਾਲ ਭਰਪੂਰ ਦਿੱਸ ਰਹੀ ਹੈ। ਕਿਰਪਾ ਦਾ ਖ਼ਜ਼ਾਨਾ ਪਰਮਾਤਮਾ ਹਰ ਥਾਂ ਪੂਰਨ ਤੌਰ ਤੇ ਵਿਆਪਕ ਦਿੱਸ ਰਿਹਾ ਹੈ। ਹੇ ਨਾਨਕ! ਆਖ-(ਹੇ ਭਾਈ! ਗੁਰੂ ਦੀ ਮੇਹਰ ਨਾਲ) ਮੇਰੀ ਮੇਹਨਤ ਸਫਲ ਹੋ ਗਈ ਹੈ ॥੨॥੭॥੯੩॥



ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!