ਸੋਰਠਿ ਮਹਲਾ ੪ ॥  ਆਪੇ ਸ੍ਰਿਸਟਿ ਉਪਾਇਦਾ ਪਿਆਰਾ ਕਰਿ ਸੂਰਜੁ ਚੰਦੁ ਚਾਨਾਣੁ ॥ ਆਪਿ ਨਿਤਾਣਿਆ ਤਾਣੁ ਹੈ ਪਿਆਰਾ ਆਪਿ ਨਿਮਾਣਿਆ ਮਾਣੁ ॥  ਆਪਿ ਦਇਆ ਕਰਿ ਰਖਦਾ ਪਿਆਰਾ ਆਪੇ ਸੁਘੜੁ ਸੁਜਾਣੁ ॥੧॥ ਮੇਰੇ ਮਨ ਜਪਿ ਰਾਮ ਨਾਮੁ ਨੀਸਾਣੁ ॥ ਸਤਸੰਗਤਿ ਮਿਲਿ ਧਿਆਇ ਤੂ ਹਰਿ ਹਰਿ ਬਹੁੜਿ ਨ ਆਵਣ ਜਾਣੁ ॥ ਰਹਾਉ ॥ ਆਪੇ ਹੀ ਗੁਣ ਵਰਤਦਾ ਪਿਆਰਾ ਆਪੇ ਹੀ ਪਰਵਾਣੁ ॥  ਆਪੇ ਬਖਸ ਕਰਾਇਦਾ ਪਿਆਰਾ ਆਪੇ ਸਚੁ ਨੀਸਾਣੁ ॥  ਆਪੇ ਹੁਕਮਿ ਵਰਤਦਾ ਪਿਆਰਾ ਆਪੇ ਹੀ ਫੁਰਮਾਣੁ ॥੨॥

Continues below advertisement

ਕਰਿ = ਕਰ ਕੇ, ਬਣਾ ਕੇ। ਚਾਨਾਣੁ = ਚਨਾਣ। ਤਾਣੁ = ਸਹਾਰਾ, ਆਸਰਾ। ਸੁਘੜੁ = ਸੁਚੱਜੀ ਆਤਮਕ ਘਾੜਤ ਵਾਲਾ। ਸੁਜਾਣੁ = ਸਿਆਣਾ, ਸਭ ਦੇ ਦਿਲ ਦੀ ਜਾਣਨ ਵਾਲਾ ॥੧॥ ਨੀਸਾਣੁ = ਜੀਵਨ-ਸਫ਼ਰ ਵਿਚ ਰਾਹਦਾਰੀ। ਵਰਤਦਾ = ਵੰਡਦਾ। ਪਰਵਾਣੁ = ਕਬੂਲ (ਕਰਦਾ ਹੈ)। ਬਖਸ = ਬਖ਼ਸ਼ਸ਼। ਸਚੁ = ਸਦਾ ਕਾਇਮ ਰਹਿਣ ਵਾਲਾ। ਨੀਸਾਣੁ = ਨਿਸ਼ਾਨ, ਝੰਡਾ, ਚਾਨਣ-ਮੁਨਾਰਾ। ਹੁਕਮਿ = ਹੁਕਮ ਅਨੁਸਾਰ। ਫੁਰਮਾਣੁ = ਹੁਕਮ ॥੨॥ਹੇ ਭਾਈ! ਉਹ ਪਿਆਰਾ ਪ੍ਰਭੂ ਆਪ ਹੀ ਸ੍ਰਿਸ਼ਟੀ ਪੈਦਾ ਕਰਦਾ ਹੈ, ਤੇ (ਸ੍ਰਿਸ਼ਟੀ ਨੂੰ) ਸੂਰਜ ਚੰਦ ਚਾਨਣ ਕਰਨ ਲਈ ਬਣਾਂਦਾ ਹੈ।  ਪ੍ਰਭੂ ਆਪ ਹੀ ਨਿਆਸਰਿਆਂ ਦਾ ਆਸਰਾ ਹੈ, ਜਿਨ੍ਹਾਂ ਨੂੰ ਕੋਈ ਆਦਰ-ਮਾਣ ਨਹੀਂ ਦੇਂਦਾ ਉਹਨਾਂ ਨੂੰ ਆਦਰ-ਮਾਣ ਦੇਣ ਵਾਲਾ ਹੈ।  ਉਹ ਪਿਆਰਾ ਪ੍ਰਭੂ ਸੋਹਣੀ ਆਤਮਕ ਘਾੜਤ ਵਾਲਾ ਹੈ, ਸਭ ਦੇ ਦਿਲ ਦੀ ਜਾਣਨ ਵਾਲਾ ਹੈ, ਉਹ ਮੇਹਰ ਕਰ ਕੇ ਆਪ ਸਭ ਦੀ ਰਖਿਆ ਕਰਦਾ ਹੈ ॥੧॥  ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਸਿਮਰਿਆ ਕਰ। (ਨਾਮ ਹੀ ਜੀਵਨ-ਸਫ਼ਰ ਵਾਸਤੇ) ਰਾਹਦਾਰੀ ਹੈ। ਹੇ ਭਾਈ! ਸਾਧ ਸੰਗਤ ਵਿਚ ਮਿਲ ਕੇ ਤੂੰ ਪਰਮਾਤਮਾ ਦਾ ਧਿਆਨ ਧਰਿਆ ਕਰ, (ਧਿਆਨ ਦੀ ਬਰਕਤਿ ਨਾਲ) ਮੁੜ ਜਨਮ ਮਰਨ ਦਾ ਗੇੜ ਨਹੀਂ ਰਹੇਗਾ ॥ ਰਹਾਉ॥ ਹੇ ਭਾਈ! ਉਹ ਪਿਆਰਾ ਪ੍ਰਭੂ ਆਪ ਹੀ (ਜੀਵਾਂ ਨੂੰ ਆਪਣੇ) ਗੁਣਾਂ ਦੀ ਦਾਤਿ ਦੇਂਦਾ ਹੈ, ਆਪ ਹੀ ਜੀਵਾਂ ਨੂੰ ਆਪਣੀ ਹਜ਼ੂਰੀ ਵਿਚ ਕਬੂਲ ਕਰਦਾ ਹੈ।  ਪ੍ਰਭੂ ਆਪ ਹੀ ਸਭ ਉਤੇ ਬਖ਼ਸ਼ਸ਼ ਕਰਦਾ ਹੈ, ਉਹ ਆਪ ਹੀ (ਜੀਵਾਂ ਵਾਸਤੇ) ਸਦਾ ਕਾਇਮ ਰਹਿਣ ਵਾਲਾ ਚਾਨਣ-ਮੁਨਾਰਾ ਹੈ।  ਉਹ ਪਿਆਰਾ ਪ੍ਰਭੂ ਆਪ ਹੀ (ਜੀਵਾਂ ਨੂੰ) ਹੁਕਮ ਵਿਚ ਤੋਰਦਾ ਹੈ, ਆਪ ਹੀ ਹਰ ਥਾਂ ਹੁਕਮ ਚਲਾਂਦਾ ਹੈ ॥੨॥

 

Continues below advertisement

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।