ਚੰਡੀਗੜ੍ਹ: ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਸਿੱਖ ਇੱਕ ਸ਼ਖਸ ਨੂੰ ਭਜਾ-ਭਜਾ ਕੁੱਟ ਰਹੇ ਹਨ। ਇਹ ਵੀਡੀਓ ਫਿਰੋਜ਼ਪੁਰ ਜ਼ਿਲ੍ਹੇ ਦੀ ਦੱਸੀ ਜਾ ਰਹੀ ਹੈ। ਅਹਿਮ ਗੱਲ ਹੈ ਕਿ ਜਿਸ ਵਿਅਕਤੀ ਨੂੰ ਕੁੱਟਿਆ ਜਾ ਰਿਹਾ ਹੈ, ਉਹ ਅੰਮ੍ਰਿਤਧਾਰੀ ਹੈ। ਉਸ ਦਾ ਨਾਂ ਹਰਦੀਪ ਸਿੰਘ ਨਮਾਣਾ ਦੱਸਿਆ ਜਾ ਰਿਹਾ ਹੈ। ਉਸ ਨੂੰ ਕੁੱਟਣ ਵਾਲੇ ਸਿੱਖ ਜਥੇਬੰਦੀਆਂ ਦੇ ਕਾਰਕੁਨ ਹਨ।


ਦਰਅਸਲ ਹਰਦੀਪ ਸਿੰਘ ਨਮਾਣਾ ਉੱਪਰ ਇਲਜ਼ਾਮ ਹੈ ਕਿ ਉਸ ਨੇ ਸਿੱਖ ਪੰਥ ਦੇ ਮਹਾਨ ਸ਼ਹੀਦਾਂ ਖ਼ਿਲਾਫ਼ ਅਪਸ਼ਬਦ ਬੋਲੇ ਹਨ। ਹਰਦੀਪ ਸਿੰਘ ਸਰਕਾਰੀ ਮੁਲਾਜ਼ਮ ਤੇ ਗੁਰਦੁਆਰੇ ਦਾ ਗ੍ਰੰਥੀ ਦੱਸਿਆ ਜਾਂਦਾ ਹੈ। ਜਥੇਬੰਦੀਆਂ ਦੇ ਕਾਰਕੁਨਾਂ ਦਾ ਕਹਿਣਾ ਹੈ ਕਿ ਉਸ ਨੇ ਸਿੱਖ ਪੰਥ ਦੇ ਮਹਾਨ ਸ਼ਹੀਦਾਂ ਭਾਈ ਮਨੀ ਸਿੰਘ, ਭਾਈ ਦਯਾ ਸਿੰਘ ਤੇ ਬਾਬਾ ਦੀਪ ਸਿੰਘ ਖ਼ਿਲਾਫ਼ ਸੋਸ਼ਲ ਮੀਡੀਆ ਰਾਹੀਂ ਗਲਤ ਟਿੱਪਣੀ ਕੀਤੀਆਂ ਹਨ।

ਇਸ ਬਾਰੇ ਜਦੋਂ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਸਰਪ੍ਰਸਤ ਭਾਈ ਲਖਵੀਰ ਸਿੰਘ ਮਹਾਲਮ ਨੂੰ ਪਤਾ ਲੱਗਾ ਤਾਂ ਉਨ੍ਹਾਂ ਦੀ ਅਗਵਾਈ ਵਿੱਚ ਇੰਟਰਨੈਸ਼ਨ ਪੰਥਕ ਦਲ ਦੇ ਪੰਜਾਬ ਪ੍ਰਧਾਨ ਭਾਈ ਸਤਨਾਮ ਸਿੰਘ ਵੱਲੀਆਂ, ਜੰਗ ਸਿੰਘ ਲੁਧਿਆਣਾ, ਸੁਰਿੰਦਰ ਸਿੰਘ ਠੀਕਰੀਵਾਲ, ਗੁਰਨਾਮ ਸਿੰਘ ਮਹਾਲਮ, ਲਖਵਿੰਦਰ ਸਿੰਘ ਮੋਮੀ ਆਦਿ ਹਰਦੀਪ ਸਿੰਘ ਦੇ ਘਰ ਪਹੁੰਚ ਗਏ।

ਜਦੋਂ ਹਰਦੀਪ ਸਿੰਘ ਨੂੰ ਸਿੱਖ ਪੰਥ ਦੇ ਸ਼ਹੀਦਾਂ ਬਾਰੇ ਗਲਤ ਟਿੱਪਣੀ ਕਰਨ ਬਾਰੇ ਪੁੱਛਿਆ ਤਾਂ ਹਰਦੀਪ ਸਿੰਘ ਨੇ ਉਲਟਾ ਸ਼ਹੀਦਾਂ ਨੂੰ ਸਿੱਖ ਧਰਮ ਦੇ ਗੁਰੂਆਂ ਦੇ ਬਰਾਬਰ ਦਰਜਾ ਦੇਣ ’ਤੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ। ਇਸੇ ਗੱਲ ਤੋਂ ਮਾਹੌਲ ਵਿਗੜ ਗਿਆ ਤੇ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਉਸ ਨੂੰ ਫੜ ਕੇ ਥਾਣਾ ਸਦਰ ਵਿੱਚ ਲੈ ਆਏ। ਥਾਣੇ ’ਚ ਵੀ ਉਸ ਦੀ ਕੁੱਟਮਾਰ ਕੀਤੀ ਗਈ।

ਵੀਰਵਾਰ ਨੂੰ ਇਸ ਸਬੰਧੀ ਗੁਰਦੁਆਰਾ ਸਾਰਾਗੜ੍ਹੀ ’ਚ ਸਿੱਖ ਜਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ ਹੋਈ। ਹਰਦੀਪ ਸਿੰਘ ਦੇ ਪਰਿਵਾਰ ਦੇ ਮੈਂਬਰ ਮੁਆਫ਼ੀ ਮੰਗ ਕੇ ਖਹਿੜਾ ਛੁਡਾਉਣਾ ਚਾਹੁੰਦੇ ਹਨ। ਪਰਿਵਾਰ ਦਾ ਕਹਿਣਾ ਹੈ ਕਿ ਹਰਦੀਪ ਸਿੰਘ ਨੂੰ ਪਿਛਲੇ ਦਿਨੀਂ ਫ਼ਿਲਮਾਂ ’ਚ ਘਾਟਾ ਪੈਣ ਨਾਲ ਉਸ ਦੀ ਦਿਮਾਗੀ ਹਾਲਤ ਠੀਕ ਨਹੀਂ, ਜਿਸ ਕਾਰਨ ਉਸ ਨੂੰ ਮੁਆਫ਼ ਕਰ ਦੇਣਾ ਚਾਹੀਦਾ ਹੈ।