ਪਰਮਜੀਤ ਸਿੰਘ
ਚੰਡੀਗੜ੍ਹ: ਮਹਾਨ ਕ੍ਰਾਂਤੀਕਾਰੀ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਸਮੁੱਚੇ ਸੰਸਾਰ ਭਰ ਵਿੱਚ ਬਹੁਤ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਆਪ ਜੀ ਦਾ ਜਨਮ 1376 ਈ ਨੂੰ ਉੱਤਰ ਪ੍ਰਦੇਸ਼ ਦੇ ਪ੍ਰਸਿੱਧ ਧਾਰਮਿਕ ਕੇਂਦਰ ਬਨਾਰਸ ਦੇ ਲਾਗੇ ਪਿੰਡ ਸੀਰਗੋਵਰਧਨਪੁਰ ਵਿੱਚ ਹੋਇਆ। ਆਪ ਜੀ ਦੇ ਪਿਤਾ ਜੀ ਦਾ ਨਾਮ ਸੰਤੋਖ ਦਾਸ ਜੀ ਤੇ ਮਾਤਾ ਜੀ ਦਾ ਨਾਮ ਕਲਸੀ ਦੇਵੀ ਮੰਨਿਆ ਜਾਂਦਾ ਹੈ। ਇਸੇ ਤਰ੍ਹਾ ਆਪ ਜੀ ਦੀ ਪਤਨੀ ਦਾ ਨਾਮ ਲੋਨਾ ਸੀ।


ਇਤਿਹਾਸਕ ਸਰੋਤਾਂ ਦੀ ਮੰਨੀਏ ਤਾਂ ਆਪ 151 ਸਾਲ ਦੀ ਉਮਰ ਭੋਗ ਕੇ 1527 ਈ 'ਚ ਬਨਾਰਸ ਦੀ ਧਰਤੀ ਤੇ ਪ੍ਰਲੋਕ ਸਿਧਾਰ ਗਏ। ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਆਪ ਜੀ ਦੀ ਰੱਬੀ ਬਾਣੀ ਦੇ 40 ਸ਼ਬਦ ਵਿਭਿੰਨ ਰਾਗਾਂ ਵਿੱਚ ਪ੍ਰਾਪਤ ਹੁੰਦੇ ਹਨ। ਇੱਕ ਵਾਰ ਚਿਤੌੜ ਦੀ ਰਾਣੀ ਝਾਲਾਂ ਬਾਈ ਨੇ ਭਗਤ ਰਵੀਦਾਸ ਤੇ ਹੋਰ ਪਡਿਤਾਂ ਨੂੰ ਆਪਣੇ ਮਹਿਲ ‘ਚ ਬ੍ਰਹਮ ਭੋਜਨ ਲਈ ਬੁਲਾਇਆ। ਪੰਡਤਾਂ ਨੇ ਆਉਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹ ਭਗਤ ਰਵੀਦਾਸ ਜੀ ਨੂੰ ਨੀਵੇਂ ਦਰਜੇ ਦਾ ਸਮਝਦੇ ਸੀ ਤੇ ਉਸ ਨਾਲ ਉੱਠਣਾ ਬੈਠਣਾ ਵੀ ਪਸੰਦ ਨਹੀਂ ਕਰਦੇ ਸੀ।

ਭਗਤ ਰਵੀਦਾਸ ਜੀ ਨੇ ਰਾਣੀ ਨੂੰ ਕਿਹਾ ਕਿ ਉਹ ਪੰਡਤਾਂ ਨੂੰ ਪਹਿਲਾਂ ਭੋਜਨ ਸ਼ਕਾ ਲਵੇ। ਰਾਣੀ ਨੇ ਇਹ ਗੱਲ ਸਵੀਕਾਰ ਕਰ ਲਈ ਜਿਸ ਵਕਤ ਭੋਜਨ ਦਾ ਸਮਾਂ ਆਇਆ ਤਾਂ ਪੰਡਤਾਂ ਨੇ ਕਿਹਾ ਕਿ ਅਸੀਂ ਪਹਿਲਾਂ ਪੰਗਤ ਵਿੱਚ ਭੋਜਨ ਛਕਾਂਗੇ। ਇੱਥੋਂ ਤੱਕ ਕਹਿ ਦਿੱਤਾ ਕਿ ਭਗਤ ਰਵੀਦਾਸ ਉਸ ਵਕਤ ਇਸ ਭੋਜਨ ‘ਚ ਸ਼ਾਮਲ ਨਹੀਂ ਹੋਣਗੇ, ਉਹ ਬਾਅਦ ਵਿੱਚ ਖਾਣ। ਉਸ ਵਕਤ 118 ਪੰਡਤ ਰਾਣੀ ਦੇ ਘਰ ਆਏ ਸੀ ਉਹ ਸਾਰੇ ਭਗਤ ਰਵੀਦਾਸ ਜੀ ਖਿਲਾਫ ਸੀ। ਭਗਤ ਰਵੀਦਾਸ ਜੀ ਨੇ ਕਿਹਾ ਕਿ ਮੈਨੂੰ ਤੁਹਾਡੇ ਤੋਂ ਕੋਈ ਆਪੱਤੀ ਨਹੀਂ ਮੈਂ ਬਾਅਦ ਵਿੱਚ ਭੋਜਨ ਛੱਕ ਲਵਾਂਗਾ।

ਭਗਤ ਰਵੀਦਾਸ ਜੀ ਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਸੀ ਕਿਉਕਿ ਉਹ ਪ੍ਰਮਾਤਮਾ ਦੀ ਭਗਤੀ ‘ਚ ਲੀਨ ਰਹਿੰਦੇ ਸੀ। ਭਗਤ ਰਵੀਦਾਸ ਨੇ ਉਸ ਵਕਤ ਆਪਣੀ ਜਾਤ ਸਵੀਕਾਰ ਕਰਦੇ ਹੋਏ ਕਿਹਾ: "ਮੇਰੀ ਜਾਤਿ ਕਮੀਨੀ ਪਾਤਿ ਕਮੀਨੀ ਓਛਾ ਜਨਮੁ ਹਮਾਰਾ" ਜਿਸ ਵਕਤ ਪੰਗਤ ਵਿੱਚ ਭੋਜਨ ਛੱਕਣ ਲਈ ਪੰਡਤ ਬੈਠੇ ਤਾਂ ਹਰ ਪੰਡਤ ਨੂੰ ਆਪਣੇ ਨਾਲ ਭਗਤ ਰਵੀਦਾਸ ਜੀ ਬੈਠੇ ਭੋਜਨ ਛਕਦੇ ਦਿੱਖਣ।

ਰਾਣੀ ਵੀ ਇਸ ਕੌਤਕ ਨੂੰ ਵੇਖ ਕੇ ਹੈਰਾਨ ਸੀ। ਪੰਡਤਾਂ ਦੇ ਪ੍ਰਧਾਨ ਨੇ ਪੰਗਤ ਵਿੱਚੋਂ ਉਠ ਕੇ ਬਾਹਰ ਜਾ ਕੇ ਭਗਤ ਰਵੀਦਾਸ ਦੇ ਚਰਨਾਂ ਤੇ ਮੱਥਾ ਟੇਕ ਦਿੱਤਾ ਤੇ ਕਿਹਾ ਕਿ ਮਾਫ ਕਰੋ ਗੁਰੂ ਜੀ ਉਸੀ ਵਕਤ ਭਗਤ ਰਵੀਦਾਸ ਜੀ ਨੂੰ ਪਾਲਕੀ ‘ਚ ਬਿਠਾਇਆ ਗਿਆ ਤੇ ਰਾਜਾ ਰਾਣੀ ਤੇ ਪੰਡਤ ਸਾਰੇ ਮਿਲ ਕੇ ਭਗਤ ਰਵੀਦਾਸ ਜੀ ਨੂੰ ਗੁਰੂ ਮੰਨ ਕੇ ਪੂਰੇ ਰਾਜ ਵਿੱਚ ਨਗਰ ਕੀਰਤਨ ਕੱਢਿਆ ਤੇ ਉਸ ਵਕਤ ਭਗਤ ਰਵੀਦਾਸ ਜੀ

ਉਸ ਪ੍ਰਮਾਤਮਾ ਦੀ ਵਡਿਆਈ ‘ਚ ਤੇ ਪ੍ਰਮਾਤਮਾ ਦੇ ਸ਼ੁਕਰਾਨੇ ‘ਚ ਉਚਾਰਦੇ ਹਨ…….
"ਐਸੀ ਲਾਲ ਤੁਝ ਬਿਨੁ ਕਉਨੁ ਕਰੈ"
"ਗਰੀਬ ਨਿਵਾਜੁ ਗੁਸਾਈਆ ਮੇਰਾ ਮਾਥੈ ਛਤ੍ਰ ਧਰੈ"

ਭਾਵ ਹੇ ਪ੍ਰਮਾਤਮਾ ਤੇਰੀ ਕ੍ਰਿਪਾ ਨਾਲ ਮੇਰੇ ਸਿਰ ਉੱਤੇ ਛੱਤਰ ਝੁਲ ਰਿਹਾ ਹੈ ਤੇ ਤੇਰੀ  ਕ੍ਰਿਪਾ ਨਾਲ ਹੀ ਮੈਨੂੰ ਏਨਾ ਮਾਣ ਸਨਮਾਨ ਮਿਲ ਰਿਹਾ ਹੈ। ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ 'ਰਵਿਦਾਸ ਧਿਆਇ ਪ੍ਰਭੁ ਅਨੂਪ" ਆਖਦਿਆਂ ਆਪ ਜੀ ਦੀ ਸਿਫਤ ਸਲਾਹ ਕੀਤੀ ਹੈ। ਭਾਈ ਗੁਰਦਾਸ ਜੀ ਨੇ ਤਾਂ ਆਪਣੀ ਵਾਰ ਵਿਚ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਨੀਵੀ ਸਮਝੀ ਜਾਂਦੀ ਜਾਤਿ ਚਮਾਰਿ ਦੇ ਘਰ ਪੈਦਾ ਹੋਣ ਅਤੇ ਮੋਚੀ ਦੀ ਕਿਰਤ ਕਰਨ ਦੇ ਬਾਵਜੂਦ ਆਪਣੀ ਨਿਰਮਲ ਕਰਣੀ ਤੇ ਪ੍ਰਭੂ ਭਗਤੀ ਕਾਰਨ ਭਗਤ ਰਵਿਦਾਸ ਜੀ ਓਸੇ ਤਰ੍ਹਾ ਚਹੁੰ ਕੁੰਟੀ ਚਮਕੇ ਜਿਂਵੇ ਗੋਦੜੀ ਵਿਚ ਪਿਆ ਲਾਲ ਚਮਕਦਾ ਹੈ।ਬੇਗਮਪੁਰਾ ਦਾ ਸੰਕਲਪ ਮਾਨਵ ਸਮਾਜ ਦੇ ਕਲਿਆਣ ਹਿਤ ਆਪ ਜੀ ਦੀ ਵਿਸ਼ੇਸ਼ ਦੇਣ ਸਮਝੀ ਜਾਂਦੀ ਹੈ