ਅੰਮ੍ਰਿਤਸਰ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਅਲੌਕਿਕ ਨਗਰ ਕੀਰਤਨ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰੰਭ ਹੋਇਆ। ਇਹ ਨਗਰ ਕੀਰਤਨ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਚੋਂ ਹੁੰਦਾ ਹੋਇਆ ਗੁਰਦੁਆਰਾ ਸ਼ਹੀਦਗੰਜ ਬਾਬਾ ਦੀਪ ਸਿੰਘ ਜੀ ਪਹੁੰਚ ਸਮਾਪਤ ਹੋਇਆ।
ਇਸ ਮੌਕੇ ਹਜ਼ਾਰਾਂ ਸੰਗਤਾਂ ਇਸ ਨਗਰ ਕੀਰਤਨ 'ਚ ਸ਼ਾਮਲ ਹੋਈਆਂ ਅਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਰਸਤੇ 'ਚ ਸਕੂਲ ਬੈਂਡ, ਪੁਲਿਸ ਬੈਂਡ ਤੋਂ ਇਲਾਵਾ ਵੱਖ-ਵੱਖ ਗਤਕਾ ਪਾਰਟੀਆਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।
ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ, 1682 ਨੂੰ ਅੰਮ੍ਰਿਤਸਰ ਤੋਂ 40 ਕਿਲੋਮੀਟਰ ਦੂਰ ਸਰਹੱਦੀ ਪਿੰਡ ਪਹੂਵਿੰਡ ਵਿਖੇ ਹੋਇਆ ਸੀ। ਛੋਟੀ ਉਮਰੇ ਹੀ ਬਾਬਾ ਦੀਪ ਸਿੰਘ ਜੀ ਧਾਰਮਿਕ ਸੁਭਾਅ ਦੇ ਸੀ। ਜਦੋਂ ਉਹ 12 ਸਾਲਾਂ ਦੇ ਸੀ ਤਾਂ ਉਨ੍ਹਾਂ ਦਸਵੇਂ ਸਿੱਖ ਗੁਰੂ, ਗੁਰੂ ਗੋਬਿੰਦ ਸਿੰਘ ਜੀ ਦੇ ਕਹਿਣ 'ਤੇ ਸਿੱਖ ਧਰਮ ਦਾ ਪ੍ਰਚਾਰ ਸ਼ੁਰੂ ਕੀਤਾ। ਉਸ ਤੋਂ ਬਾਅਦ ਬਾਬਾ ਜੀ ਨੇ ਅਨੰਦਪੁਰ ਸਾਹਿਬ ਵਿਖੇ ਗੁਰੂ ਜੀ ਦੀ ਹਜ਼ੂਰੀ ਵਿੱਚ ਪੰਜ ਪਿਆਰਿਆਂ ਨਾਲ ਅੰਮ੍ਰਿਤਪਾਨ ਕੀਤਾ।
ਬਾਬਾ ਦੀਪ ਸਿੰਘ ਧਾਰਮਿਕ ਸੁਭਾਅ ਦੇ ਨਾਲ-ਨਾਲ ਬਹਾਦਰ ਯੋਧੇ ਵੀ ਸੀ। ਬਾਬਾ ਦੀਪ ਸਿੰਘ ਜੀ ਬਹੁਤ ਸਾਰੀਆਂ ਭਾਸ਼ਾਵਾਂ ਦੇ ਵਿਦਵਾਨ ਵੀ ਰਹੇ। ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਕਾਇਮ ਰੱਖਣ ਲਈ ਮੁਗਲਾਂ ਨਾਲ ਲੜਦਿਆਂ ਸੱਚਖੰਡ ਨੇ ਆਪਣੇ 15 ਕਿਲੋ ਦੇ ਖੰਡੇ ਨਾਲ ਸ਼ਹਾਦਤ ਪ੍ਰਾਪਤ ਕੀਤੀ।