ਅੰਮ੍ਰਿਤਸਰ: ਬਰਗਾੜੀ ਇਨਸਾਫ ਮੋਰਚਾ ਨੂੰ ਲੈ ਕੇ ਪੰਥਕ ਲੀਡਰਾਂ ਵਿੱਚ ਦੂਰੀਆਂ ਵਧਦੀਆਂ ਜਾ ਰਹੀਆਂ ਹਨ। ਬਰਗਾੜੀ ਮੋਰਚਾ ਦੇ ਲੀਡਰ ਬਲਜੀਤ ਸਿੰਘ ਦਾਦੂਵਾਲ ਮਗਰੋਂ ਹੁਣ ਭਾਈ ਅਮਰੀਕ ਸਿੰਘ ਅਜਨਾਲਾ ਨੇ ਵੀ ਬਰਗਾੜੀ ਮੋਰਚੇ ਦੀ ਅਸਫ਼ਲਤਾ ਲਈ ਜਥੇਦਾਰ ਧਿਆਨ ਸਿੰਘ ਮੰਡ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਸ ਬਿਆਨਬਾਜ਼ੀ ਤੋਂ ਸਪਸ਼ਟ ਹੋ ਗਿਆ ਹੈ ਕਿ ਪੰਥਕ ਏਕੇ ਦੀ ਕੋਸ਼ਿਸ਼ ਨਾਕਾਮ ਹੋ ਗਈ ਹੈ।
ਯਾਦ ਰਹੇ ਬਰਗਾੜੀ ਇਨਸਾਫ ਮੋਰਚਾ ਵਿੱਚ ਸਮੂਹ ਪੰਥਕ ਧਿਰਾਂ ਨੂੰ ਇੱਕਜੁੱਟ ਹੋਣ ਦਾ ਸੱਦਾ ਦਿੱਤਾ ਗਿਆ ਸੀ। ਇਸ ਨੂੰ ਕਈ ਜਥੇਬੰਦੀਆਂ ਨੇ ਚੰਗਾ ਹੁੰਗਾਰਾ ਵੀ ਦਿੱਤਾ ਸੀ ਪਰ ਹੁਣ ਮੋਰਚਾ ਦੀ ਅਗਵਾਈ ਕਰ ਰਹੇ ਲੀਡਰ ਤੇ ਮੁਤਵਾਜ਼ੀ ਜਥੇਦਾਰ ਵੀ ਫੁੱਟ ਦਾ ਸ਼ਿਕਾਰ ਹੋ ਗਏ ਹਨ।
ਇਸ ਬਾਰੇ ਭਾਈ ਅਜਨਾਲਾ ਦਾ ਕਹਿਣਾ ਹੈ ਕਿ ਬਰਗਾੜੀ ਮੋਰਚੇ ਦੇ ਸ਼ੁਰੂ ਹੋਣ ਤੋਂ ਤੀਜੇ ਦਿਨ ਹੀ ਪੰਜਾਬ ਸਰਕਾਰ ਨੇ ਮੋਰਚੇ ਦੀਆਂ ਮੁੱਖ ਤਿੰਨ ਮੰਗਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ, ਬਹਿਬਲ ਕਲਾਂ ਕਾਂਡ ਦੌਰਾਨ ਸ਼ਹੀਦ ਹੋਏ ਸਿੱਖਾਂ ਦੇ ਪਰਿਵਾਰਾਂ ਨੂੰ ਆਰਥਿਕ ਮਦਦ ਤੇ ਨੌਕਰੀ ਤੇ ਪੰਜਾਬ ਤੋਂ ਬਾਹਰਲੀਆਂ ਜੇਲ੍ਹਾਂ ਵਿਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਸਬੰਧੀ ਚਾਰਾਜੋਈ ਲਈ ਸਹਿਮਤੀ ਪ੍ਰਗਟਾ ਦਿੱਤੀ ਸੀ, ਪਰ ਪਤਾ ਨਹੀਂ ਕਿਹੜੇ ਕਾਰਨਾਂ ਕਰਕੇ ਧਿਆਨ ਸਿੰਘ ਮੰਡ ਨੇ ਸਰਕਾਰ ਵੱਲੋਂ ਦਿੱਤੇ ਭਰੋਸੇ ਨੂੰ ਠੁਕਰਾ ਦਿੱਤਾ।
ਉਨ੍ਹਾਂ ਕਿਹਾ ਕਿ ਬਰਗਾੜੀ ਮੋਰਚੇ ਦੇ ਆਗੂਆਂ ਦੀ 17 ਅਗਸਤ ਨੂੰ ਮੁੜ ਹੋਈ ਮੀਟਿੰਗ ’ਚ ਫ਼ੈਸਲਾ ਕੀਤਾ ਗਿਆ ਸੀ ਕਿ 18 ਅਗਸਤ ਨੂੰ ਇਨ੍ਹਾਂ ਮੰਗਾਂ ਪ੍ਰਤੀ ਸਰਕਾਰ ਨਾਲ ਗੱਲਬਾਤ ਹੋਵੇਗੀ ਤੇ 19 ਅਗਸਤ ਨੂੰ ਸਰਕਾਰ ਬਰਗਾੜੀ ਮੋਰਚੇ ਦੀਆਂ ਮੰਗਾਂ ਮੰਨਣ ਸਬੰਧੀ ਐਲਾਨ ਕਰੇਗੀ। ਇਸ ਮਗਰੋਂ 22 ਅਗਸਤ ਨੂੰ ਮੋਰਚੇ ਦੀ ਸਮਾਪਤੀ ਵਾਲੇ ਦਿਨ ਅਖੰਡ ਪਾਠ ਦੇ ਭੋਗ ਪਾਏ ਜਾਣਗੇ।
ਉਨ੍ਹਾਂ ਦੋਸ਼ ਲਾਇਆ ਕਿ ਮੋਰਚੇ ਵਿਚ ਸ਼ਾਮਲ ਸੰਗਤਾਂ ਕੋਲੋਂ ਪਤਾ ਲੱਗਾ ਹੈ ਕਿ ਜਿੰਨਾ ਚਿਰ ਧਿਆਨ ਸਿੰਘ ਮੰਡ ਨੂੰ ਦੇਸ਼-ਵਿਦੇਸ਼ ਤੋਂ ਮੋਟੀਆਂ ਰਕਮਾਂ ਆਉਂਦੀਆਂ ਰਹੀਆਂ, ਓਨੀ ਦੇਰ ਮੋਰਚਾ ਚੱਲਦਾ ਰਿਹਾ ਤੇ ਮਗਰੋਂ ਜਥੇਦਾਰ ਮੰਡ ਨੇ ਬਿਨਾਂ ਸ਼ਰਤ ਮੋਰਚੇ ਦੀ ਸਮਾਪਤੀ ਕਰ ਦਿੱਤੀ।