ਚੰਡੀਗੜ੍ਹ: ਬਰਗਾੜੀ ਮੋਰਚੇ ਦੇ ਲੀਡਰਾਂ ਵਿਚਾਲੇ ਤਰੇੜਾਂ ਹੋਰ ਡੂੰਘੀਆਂ ਹੋ ਗਈਆਂ ਹਨ। ਮਾਮਲਾ ਇੰਨਾ ਵਧ ਗਿਆ ਹੈ ਕਿ ਸਰਬੱਤ ਖ਼ਾਲਸਾ ਵੱਲੋਂ ਥਾਪੇ ਜਥੇਦਾਰ ਧਿਆਨ ਸਿੰਘ ਮੰਡ, ਜਥੇਦਾਰ ਬਲਜੀਤ ਸਿੰਘ ਦਾਦੂਵਾਲ ਤੇ ਜਥੇਦਾਰ ਅਮਰੀਕ ਸਿੰਘ ਅਜਨਾਲਾ ਨੂੰ ਸਿੱਖ ਪੰਥ ਲਈ ਕੀਤੇ ਜਾਣ ਵਾਲੇ ਸੰਘਰਸ਼ਾਂ ਤੋਂ ਲਾਂਭੇ ਕਰ ਦਿੱਤਾ ਹੈ। ਇਹ ਫੈਸਲਾ ਜੇਲ੍ਹ ਵਿੱਤ ਬੰਦ ਸਰਬੱਤ ਖ਼ਾਲਸਾ ਵੱਲੋਂ ਥਾਪੇ ਜਥੇਦਾਰ ਜਗਤਾਰ ਸਿੰਘ ਹਵਾਰਾ ਵੱਲੋਂ ਬਣਾਈ ਪੰਜ ਮੈਂਬਰੀ ਕਮੇਟੀ ਨੇ ਕੀਤਾ ਹੈ।

ਇਸ ਬਾਰੇ ਵਿਚਾਰ ਕਰਨ ਲਈ ਐਤਵਾਰ ਨੂੰ ਜਲੰਧਰ ਦੇ ਗੁਰੂ ਤੇਗ ਬਹਾਦਰ ਨਗਰ ਵਿਚਲੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਮੀਟਿੰਗ ਹੋਈ। ਮੀਟਿੰਗ ਵਿੱਚ ਪੰਜ ਮੈਂਬਰੀ ਕਮੇਟੀ 'ਚੋਂ ਚਾਰ ਮੈਂਬਰ ਭਾਈ ਅਮਰ ਸਿੰਘ ਚਾਹਲ, ਭਾਈ ਨਰਾਇਣ ਸਿੰਘ ਚੌੜਾ, ਪ੍ਰੋਫੈਸਰ ਬਲਜਿੰਦਰ ਸਿੰਘ ਤੇ ਮਾਸਟਰ ਸੰਤੋਖ ਸਿੰਘ ਦਾਬਾਂਵਾਲਾ ਹਾਜ਼ਰ ਹੋਏ। ਜਸਪਾਲ ਸਿੰਘ ਹੇਰਾਂ ਕਿਸੇ ਕਾਰਨ ਨਹੀਂ ਆ ਸਕੇ।

ਮੀਟਿੰਗ ਤੋਂ ਬਾਅਦ ਕਮੇਟੀ ਮੈਂਬਰ ਨੇ ਪ੍ਰੋਫੈਸਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਜਥੇਦਾਰ ਧਿਆਨ ਸਿੰਘ ਮੰਡ, ਜਥੇਦਾਰ ਬਲਜੀਤ ਸਿੰਘ ਦਾਦੂਵਾਲ ਤੇ ਜਥੇਦਾਰ ਅਮਰੀਕ ਸਿੰਘ ਅਜਨਾਲਾ ਨੇ ਸਿੱਖ ਕੌਮ ਨੂੰ ਨਿਰਾਸ਼ ਕੀਤਾ ਹੈ। ਉਨ੍ਹਾਂ ਕਿਹਾ ਮੀਟਿੰਗ ਵਿਚ ਸਾਰੇ ਮੈਂਬਰਾਂ ਨੇ ਇੱਕਮੱਤ ਹੁੰਦਿਆਂ ਇਨ੍ਹਾਂ ਜਥੇਦਾਰਾਂ ਨੂੰ ਪੰਥਕ ਸੰਘਰਸ਼ਾਂ ਤੋਂ ਦੂਰ ਰੱਖਣ ਦਾ ਫ਼ੈਸਲਾ ਕੀਤਾ ਹੈ।

ਉਨ੍ਹਾਂ ਇਹ ਵੀ ਇਲਜ਼ਾਮ ਲਾਇਆ ਕਿ ਇਨ੍ਹਾਂ ਜਥੇਦਾਰਾਂ ਦੀ ਆਪਸ ਵਿਚ ਬਣਦੀ ਨਹੀਂ ਸੀ, ਇਸੇ ਕਰਕੇ ਇਹ ਫ਼ੈਸਲਾ ਕਰਨਾ ਪਿਆ। ਪੰਜਾਬ ਸਰਕਾਰ ਨੂੰ 15 ਫਰਵਰੀ ਤੱਕ ਦਾ ਅਲਟੀਮੇਟਮ ਪਹਿਲਾਂ ਹੀ ਦਿੱਤਾ ਹੋਇਆ ਹੈ। ਉਸ ਤੋਂ ਬਾਅਦ ਐਲਾਨੇ ਜਾਣ ਵਾਲੇ ਸੰਘਰਸ਼ ਦੀ ਅਗਵਾਈ ਉਕਤ ਜਥੇਦਾਰ ਨਹੀਂ ਕਰਨਗੇ।

ਉਨ੍ਹਾਂ ਦੱਸਿਆ ਕਿ ਜਦੋਂ ਤੱਕ ਬਰਗਾੜੀ ਤੇ ਬਹਿਬਲ ਕਲਾਂ ਕਾਂਡ ਦੇ ਅਸਲ ਦੋਸ਼ੀ ਨਹੀਂ ਫੜੇ ਜਾਂਦੇ, ਉਦੋਂ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਮੋਗੇ ਦੇ ਐਸਐਸਪੀ ਰਹੇ ਚਰਨਜੀਤ ਸ਼ਰਮਾ ਦੀ ਗ੍ਰਿਫਤਾਰੀ ਬਾਰੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿਹਾ ਗੋਲੀ ਚਲਾਉਣ ਦੇ ਹੁਕਮ ਉਸ ਦੇ ਇੱਕਲੇ ਦੇ ਨਹੀਂ ਹੋ ਸਕਦੇ। ਜਦੋਂ ਤੱਕ ਬਾਕੀਆਂ ਦੀ ਗ੍ਰਿਫ਼ਤਾਰੀ ਨਹੀਂ ਹੁੰਦੀ, ਉਦੋਂ ਤੱਕ ਸੰਘਰਸ਼ ਮੱਠਾ ਨਹੀਂ ਪੈਣ ਦਿੱਤਾ ਜਾਵੇਗਾ।