ਨਵੀਂ ਦਿੱਲੀ: ਲੰਮੇ ਸਮੇਂ ਤੋਂ ਕਈ ਅੜਿੱਚਣਾਂ ਦਰਮਿਆਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਚੁਣਨ ਵਿੱਚ ਅੱਜ ਹੋਰ ਅੜਿੱਕਾ ਪੈ ਗਿਆ। ਕਮੇਟੀ ਦੀਆਂ ਚੋਣਾਂ ਲਈ ਪਹਿਲਾਂ 9 ਮਾਰਚ ਦਾ ਦਿਨ ਐਲਾਨਿਆ ਗਿਆ ਸੀ, ਪਰ ਹੁਣ 15 ਮਾਰਚ ਨੂੰ ਚੋਣਾਂ ਹੋਣਗੀਆਂ।
ਦਿੱਲੀ ਹਾਈ ਕੋਰਟ ਵੱਲੋਂ ਜਾਰੀ ਹੁਕਮਾਂ ਮੁਤਾਬਕ ਚੋਣਾਂ ਤੋਂ ਪਹਿਲਾਂ 15 ਦਿਨਾਂ ਦਾ ਨੋਟਿਸ ਦੇਣਾ ਹੁੰਦਾ ਹੈ। ਜੇਕਰ 9 ਮਾਰਚ ਨੂੰ ਚੋਣਾਂ ਹੁੰਦੀਆਂ ਤਾਂ ਇਹ ਕਾਨੂੰਨੀ ਉਲੰਘਣਾ ਹੋ ਜਾਣੀ ਸੀ। ਇਸ ਲਈ ਹੁਣ 15 ਮਾਰਚ ਨੂੰ ਡੀਐਸਜੀਐਮਸੀ ਦੀ ਕਾਰਜਕਾਰਨੀ ਚੁਣੀ ਜਾਵੇਗੀ।
ਜ਼ਿਕਰਯੋਗ ਹੈ ਕਿ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਦੇ ਚੱਲਦਿਆਂ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕਾਰਜਕਾਰਨੀ ਭੰਗ ਕਰ ਦਿੱਤੀ ਸੀ। ਉਨ੍ਹਾਂ ਗੁਰਦੁਆਰਾ ਚੋਣ ਕਮਿਸ਼ਨ ਤੋਂ ਮੁੜ ਚੋਣ ਕੀਤੇ ਜਾਣ ਦੀ ਮੰਗ ਕੀਤੀ ਸੀ ਪਰ ਇਸ ਵਿੱਚ ਕਾਫੀ ਕਾਨੂੰਨੀ ਅੜਿੱਚਣਾ ਆਈਆਂ। ਇਸੇ ਦੌਰਾਨ ਜੀਕੇ 'ਤੇ ਭ੍ਰਿਸ਼ਟਾਚਾਰ ਦਾ ਕੇਸ ਵੀ ਦਰਜ ਹੋ ਗਿਆ।