Hemkund Sahib Yatra 2023: ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ ਹੋ ਗਈ ਹੈ। ਸਿੱਖ ਸ਼ਰਧਾਲੂਆਂ ਦਾ ਪਹਿਲਾ ਜੱਥਾ ਬੁੱਧਵਾਰ ਨੂੰ ਉਤਰਾਖੰਡ ਦੇ ਰਿਸ਼ੀਕੇਸ਼ ਗੁਰਦੁਆਰੇ ਤੋਂ ਰਵਾਨਾ ਹੋਇਆ। ਸ੍ਰੀ ਹੇਮੁਕੰਟ ਸਾਹਿਬ ਦੇ ਕਿਵਾੜ 20 ਮਈ ਨੂੰ ਖੁੱਲ੍ਹਣਗੇ। ਇਹ ਸ਼ਰਧਾਲੂ ਸ਼ਨਿੱਚਰਵਾਰ ਨੂੰ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨਗੇ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਸੰਗਤ ਲਈ ਸ਼ਨਿੱਚਰਵਾਰ ਨੂੰ ਖੋਲ੍ਹੇ ਜਾਣਗੇ।
ਉਧਰ, ਮੌਸਮ ਦੀ ਗੜਬੜੀ ਕਾਰਨ ਮਈ ਮਹੀਨੇ ਵਿੱਚ ਕਈ ਵਾਰ ਬਰਫ਼ਬਾਰੀ ਹੋ ਚੁੱਕੀ ਹੈ। ਇਸ ਲਈ ਪ੍ਰਸ਼ਾਸਨ ਨੇ ਬਿਮਾਰਾਂ, 60 ਸਾਲ ਤੋਂ ਵੱਧ ਉਮਰ ਦੇ ਯਾਤਰੀਆਂ ਤੇ ਸਾਹ ਦੀ ਬਿਮਾਰੀ ਤੋਂ ਪੀੜਤਾਂ ਸਣੇ ਛੋਟੇ ਬੱਚਿਆਂ ਨੂੰ ਯਾਤਰਾ ਕਰਨ ’ਤੇ ਰੋਕ ਦਿੱਤਾ ਹੈ। ਸ਼ਰਧਾਲੂਆਂ ਨੂੰ ਯਾਤਰਾ ਤੋਂ ਪਹਿਲਾਂ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ ਹੋਵੇਗੀ।
ਇਸ ਸਾਲਾਨਾ ਯਾਤਰਾ ਦੀ ਸ਼ੁਰੂਆਤ ਉੱਤਰਾਖੰਡ ਦੇ ਰਾਜਪਾਲ ਲੈਫਟੀਨੈਂਟ ਜਨਰਲ (ਸੇਵਾਮੁਕਤ) ਗੁਰਮੀਤ ਸਿੰਘ ਤੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕੀਤੀ। ਯਾਤਰਾ ਦੀ ਸ਼ੁਰੂਆਤ ਅਰਦਾਸ ਨਾਲ ਕੀਤੀ ਗਈ। ਪੰਜ ਪਿਆਰਿਆਂ ਦੀ ਅਗਵਾਈ ਹੇਠ ਯਾਤਰੂਆਂ ਦਾ ਪਹਿਲਾ ਜਥਾ ਗੁਰਦੁਆਰਾ ਰਿਸ਼ੀਕੇਸ਼ ਤੋਂ ਰਵਾਨਾ ਹੋਇਆ।
ਇਸ ਮੌਕੇ ਸੰਸਦ ਮੈਂਬਰ ਰਮੇਸ਼ ਪੋਖਰਿਆਲ, ਕੈਬਨਿਟ ਮੰਤਰੀ ਪ੍ਰੇਮ ਚੰਦ ਅਗਰਵਾਲ, ਸਤਪਾਲ ਮਹਾਜਨ, ਸੁਬੋਧ ਓਨਿਆਲ ਸਣੇ ਵੱਖ ਵੱਖ ਸਿੱਖ ਜਥੇਬੰਦੀਆਂ ਤੇ ਸੰਪਰਦਾਵਾਂ ਦੇ ਪ੍ਰਤੀਨਿਧ ਹਾਜ਼ਰ ਸਨ। ਬੈਂਡ ਵਾਜਿਆਂ ਦੀਆਂ ਧੁੰਨਾਂ ਤੇ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਯਾਤਰਾ ਲਈ ਪਹਿਲਾ ਜਥਾ ਰਵਾਨਾ ਹੋਇਆ।
ਹਾਸਲ ਜਾਣਕਾਰੀ ਮੁਤਾਬਕ ਇਸ ਵਾਰ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 'ਤੇ ਆਉਣ ਵਾਲੇ ਸ਼ਰਧਾਲੂਆਂ ਨੂੰ 15 ਕਿਲੋਮੀਟਰ ਦੀ ਪੈਦਲ ਯਾਤਰਾ 'ਤੇ ਵੱਖ-ਵੱਖ ਥਾਵਾਂ 'ਤੇ ਗਰਮ ਜਲ ਛਕਾਇਆ ਜਾਵੇਗਾ। ਇਸ ਲਈ ਭੂੰਦੜ ਤੇ ਘੰਗੜੀਆ ਵਿਖੇ ਦੋ ਵਾਟਰ ਏਟੀਐਮ ਲਗਾਏ ਜਾਣਗੇ। ਇਸ ਦੇ ਨਾਲ ਹੀ ਯਾਤਰਾ ਦੇ ਰਸਤੇ 'ਤੇ ਚੱਲਣ ਵਾਲੇ ਘੋੜਿਆਂ ਤੇ ਖੱਚਰਾਂ ਲਈ ਤਿੰਨ ਥਾਵਾਂ 'ਤੇ ਗਰਮ ਪਾਣੀ ਦਾ ਪ੍ਰਬੰਧ ਕੀਤਾ ਜਾਵੇਗਾ।
ਹੋਰ ਪੜ੍ਹੋ : Hemkund Sahib Yatra 2023: ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ, ਪਹਿਲਾ ਜਥਾ ਰਵਾਨਾ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।