Hemkund Sahib Yatra 2023: ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ, ਪਹਿਲਾ ਜਥਾ ਰਵਾਨਾ
Hemkund Sahib Yatra 2023: ਉਤਰਾਖੰਡ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਲਈ ਅੱਜ ਸ਼ਰਧਾਲੂਆਂ ਦਾ ਪਹਿਲਾ ਜਥਾ ਗੁਰਦੁਆਰਾ ਰਿਸ਼ੀਕੇਸ਼ ਤੋਂ ਰਵਾਨਾ ਹੋ ਰਿਹਾ ਹੈ। ਜਥੇ ਨੂੰ ਉਤਰਾਖੰਡ ਦੇ ਰਾਜਪਾਲ ਗੁਰਮੀਤ ਸਿੰਘ ਵੱਲੋਂ ਗੁਰਮਤਿ ਮਰਿਆਦਾ ਅਨੁਸਾਰ ਰਵਾਨਾ ਕੀਤਾ ਗਿਆ ਹੈ। ਹਾਸਲ ਜਾਣਕਾਰੀ ਅਨੁਸਾਰ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਸੰਗਤ ਵਾਸਤੇ 20 ਮਈ ਨੂੰ ਖੋਲ੍ਹੇ ਜਾਣਗੇ, ਜਿਸ ਤਹਿਤ ਸ਼ਰਧਾਲੂਆਂ ਦਾ ਪਹਿਲਾ ਅੱਜ ਰਿਸ਼ੀਕੇਸ਼ ਸਥਿਤ ਗੁਰਦੁਆਰਾ ਸਾਹਿਬ ਤੋਂ ਰਵਾਨਾ ਹੋਇਆ ਹੈ।
Download ABP Live App and Watch All Latest Videos
View In Appਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਟਰੱਸਟ ਨੇ ਸਾਲਾਨਾ ਯਾਤਰਾ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਸ਼ਰਧਾਲੂਆਂ ਦੇ ਪਹਿਲੇ ਜਥੇ ਨੂੰ ਰਾਜਪਾਲ ਵੱਲੋਂ ਰਵਾਨਾ ਕੀਤਾ ਗਿਆ। ਇਸ ਮੌਕੇ ਉਤਰਾਖੰਡ ਦੇ ਮੁੱਖ ਮੰਤਰੀ ਤੇ ਹੋਰ ਮੰਤਰੀਆਂ ਤੋਂ ਇਲਾਵਾ ਕਈ ਧਾਰਮਿਕ ਸ਼ਖ਼ਸੀਅਤਾਂ ਵੀ ਸ਼ਾਮਲ ਰਹੀਆਂ। ਉਨ੍ਹਾਂ ਦੱਸਿਆ ਕਿ ਪਹਿਲਾ ਜਥਾ ਪੰਜ ਪਿਆਰਿਆਂ ਦੀ ਅਗਵਾਈ ਹੇਠ ਰਵਾਨਾ ਹੋਇਆ।
ਹਾਸਲ ਜਾਣਕਾਰੀ ਮੁਤਾਬਕ ਇਸ ਵਾਰ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 'ਤੇ ਆਉਣ ਵਾਲੇ ਸ਼ਰਧਾਲੂਆਂ ਨੂੰ 15 ਕਿਲੋਮੀਟਰ ਦੀ ਪੈਦਲ ਯਾਤਰਾ 'ਤੇ ਵੱਖ-ਵੱਖ ਥਾਵਾਂ 'ਤੇ ਗਰਮ ਜਲ ਛਕਾਇਆ ਜਾਵੇਗਾ। ਇਸ ਲਈ ਭੂੰਦੜ ਤੇ ਘੰਗੜੀਆ ਵਿਖੇ ਦੋ ਵਾਟਰ ਏਟੀਐਮ ਲਗਾਏ ਜਾਣਗੇ। ਇਸ ਦੇ ਨਾਲ ਹੀ ਯਾਤਰਾ ਦੇ ਰਸਤੇ 'ਤੇ ਚੱਲਣ ਵਾਲੇ ਘੋੜਿਆਂ ਤੇ ਖੱਚਰਾਂ ਲਈ ਤਿੰਨ ਥਾਵਾਂ 'ਤੇ ਗਰਮ ਪਾਣੀ ਦਾ ਪ੍ਰਬੰਧ ਕੀਤਾ ਜਾਵੇਗਾ।
ਹੇਮਕੁੰਟ ਸਾਹਿਬ ਇਲਾਕੇ ਵਿੱਚ ਪੈ ਰਹੀ ਕੜਾਕੇ ਦੀ ਠੰਢ ਦੇ ਮੱਦੇਨਜ਼ਰ ਜਲ ਸੰਸਥਾ ਵੱਲੋਂ ਇਹ ਪ੍ਰਬੰਧ ਕੀਤੇ ਜਾ ਰਹੇ ਹਨ। ਜਲ ਸੰਸਥਾ ਦੇ ਸਹਾਇਕ ਇੰਜੀਨੀਅਰ ਅਰੁਣ ਗੁਪਤਾ ਨੇ ਦੱਸਿਆ ਕਿ ਹੇਮਕੁੰਟ ਸਾਹਿਬ ਯਾਤਰਾ ਰੂਟ 'ਤੇ ਗਰਮ ਪਾਣੀ ਦੇ ਦੋ ਏਟੀਐਮ ਲਗਾਏ ਜਾਣਗੇ ਤਾਂ ਜੋ ਸ਼ਰਧਾਲੂਆਂ ਨੂੰ ਠੰਢਾ ਪਾਣੀ ਨਾ ਪੀਣਾ ਪਵੇ।
ਇਸ ਦੇ ਨਾਲ ਹੀ ਯਾਤਰਾ ਦੇ ਰੂਟ 'ਤੇ ਘੋੜਿਆਂ ਤੇ ਖੱਚਰਾਂ ਲਈ ਤਿੰਨ ਥਾਵਾਂ 'ਤੇ ਗਰਮ ਪਾਣੀ ਦੇ ਕੁੰਡ ਬਣਾਏ ਜਾਣਗੇ। ਇਹ ਪ੍ਰਬੰਧ ਪੁਲਾਨਾ, ਭੂੰਦੜ ਤੇ ਘੰਗੜੀਆ ਵਿੱਚ ਕੀਤਾ ਜਾ ਰਿਹਾ ਹੈ।