ਚੰਡੀਗੜ੍ਹ: ਕੋਰੋਨਾਵਾਇਰਸ (Coronavirus) ਕਰਕੇ ਉਤਰਾਖੰਡ ਸਥਿਤ ਹੇਮਕੁੰਟ ਸਾਹਿਬ (Hemkund Sahib) ਦੀ ਸਾਲਾਨਾ ਯਾਤਰਾ ਨੂੰ ਸ਼ੁਰੂ ਕਰਨ ਬਾਰੇ ਫਿਲਹਾਲ ਕੋਈ ਫੈਸਲਾ ਨਹੀਂ ਹੋਇਆ। ਮੌਜੂਦਾ ਹਾਲਾਤ ਮੁਤਾਬਕ ਇਹ ਸਾਲਾਨਾ ਯਾਤਰਾ ਇਸ ਵਰ੍ਹੇ ਸ਼ੁਰੂ ਹੋਣ ਦੀ ਸੰਭਾਵਨਾ ਘੱਟ ਹੈ।

ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ ‘ਤੇ ਵੱਖ-ਵੱਖ ਸੂਬਿਆਂ ਵਿਚ ਸ਼ਰਧਾਲੂਆਂ ਲਈ ਧਾਰਮਿਕ ਥਾਂਵਾਂ ਨੂੰ ਖੋਲ੍ਹ ਦਿੱਤਾ ਗਿਆ ਹੈ ਪਰ ਉੱਤਰਾਖੰਡ ਸਥਿਤ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਯਾਤਰਾ ਨੂੰ ਸ਼ੁਰੂ ਕਰਨ ਬਾਰੇ ਸਰਕਾਰ ਵੱਲੋਂ ਫਿਲਹਾਲ ਕੋਈ ਹੁੰਗਾਰਾ ਨਹੀਂ ਦਿੱਤਾ ਗਿਆ।

ਗੁਰਦੁਆਰਾ ਗੋਬਿੰਦ ਘਾਟ ਦੇ ਮੈਨੇਜਰ ਸੇਵਾ ਸਿੰਘ ਨੇ ਦੱਸਿਆ ਕਿ ਹੁਣ ਤਕ ਸੂਬੇ ਦੀ ਸਰਕਾਰ ਵਲੋਂ ਇਸ ਸਾਲਾਨਾ ਯਾਤਰਾ ਨੂੰ ਸ਼ੁਰੂ ਕਰਨ ਬਾਰੇ ਕੋਈ ਹੁੰਗਾਰਾ ਨਹੀਂ ਮਿਲਿਆ ਤੇ ਨਾ ਹੀ ਕੋਈ ਦਿਸ਼ਾ ਨਿਰਦੇਸ਼ ਦਿਤੇ ਗਏ ਹਨ। ਯਾਤਰਾ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਮਹੀਨੇ ਤੋਂ ਵੱਧ ਸਮਾਂ ਪ੍ਰਬੰਧਾਂ ਲਈ ਚਾਹੀਦਾ ਹੈ।

ਕੋਰੋਨਾ ਮਹਾਮਾਰੀ ਦੇ ਡਰ ਤੋਂ ਉਤਰਾਖੰਡ ਵਾਸੀ ਵੀ ਇਸ ਵਾਰ ਯਾਤਰਾ ਸ਼ੁਰੂ ਕਰਨ ਦੇ ਹੱਕ ਵਿਚ ਨਹੀਂ ਹਨ। ਉਤਰਾਖੰਡ ਸਥਿਤ ਚਾਰ ਧਾਮ ਗੰਗੋਤਰੀ, ਯਮੁਨਤਰੀ, ਕੇਦਾਰਨਾਥ ਤੇ ਬਦਰੀਨਾਥ ਵਿਖੇ ਵੀ ਹੁਣ ਤੱਕ ਹੋਰ ਸੂਬਿਆਂ ਦੇ ਯਾਤਰੂਆਂ ਦੀ ਆਮਦ ਨੂੰ ਹਰੀ ਝੰਡੀ ਨਹੀਂ ਦਿੱਤੀ ਗਈ ਹੈ। ਸਿਰਫ ਉਤਰਾਖੰਡ ਦੇ ਵਾਸੀਆਂ ਨੂੰ ਹੀ ਫਿਲਹਾਲ ਇਨ੍ਹਾਂ ਚਾਰ ਧਾਮਾਂ ‘ਤੇ ਜਾਣ ਦੀ ਇਜਾਜ਼ਤ ਹੈ। ਇਨ੍ਹਾਂ ਚਾਰ ਧਾਮਾਂ ਦੀ ਯਾਤਰਾ ਵੀ ਮਈ ਦੇ ਮੱਧ ਵਿਚ ਸ਼ੁਰੂ ਹੋ ਜਾਂਦੀ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904