ਚੰਡੀਗੜ੍ਹ: ਬਰਫ਼ਬਾਰੀ ਦੇ ਬਾਵਜੂਦ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਜਾਰੀ ਹੈ। ਪਿਛਲੇ ਦਿਨੀਂ ਹੋਈ ਬਰਫ਼ਬਾਰੀ ਤੋਂ ਬਾਅਦ ਮੁੜ ਯਾਤਰਾ ਸ਼ੁਰੂ ਕਰ ਦਿੱਤੀ ਗਈ। ਹੁਣ ਤਕ ਇੱਕ ਲੱਖ ਤੋਂ ਵੱਧ ਸ਼ਰਧਾਲੂ ਮੱਥਾ ਟੇਕ ਚੁੱਕੇ ਹਨ। ਹਾਸਲ ਜਾਣਕਾਰੀ ਮੁਤਾਬਕ 18 ਜੂਨ ਨੂੰ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ’ਚ ਬਰਫ਼ਬਾਰੀ ਹੋਈ ਸੀ। ਇਸ ਕਾਰਨ ਉਸ ਦਿਨ ਕੁਝ ਸਮੇਂ ਲਈ ਯਾਤਰਾ ਰੋਕ ਦਿੱਤੀ ਗਈ ਸੀ।

ਗੁਰਦੁਆਰਾ ਗੋਬਿੰਦਘਾਟ ਦੇ ਮੈਨੇਜਰ ਸੇਵਾ ਸਿੰਘ ਮੁਤਾਬਕ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਜੂਨ ਮਹੀਨੇ ਬਰਫ਼ਬਾਰੀ ਹੋਈ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਹੇਮਕੁੰਟ ਸਾਹਿਬ ਨੇੜਲੇ ਤਿੰਨ ਕਿਲੋਮੀਟਰ ਇਲਾਕੇ ਵਿੱਚ ਪਹਿਲਾਂ ਹੀ ਬਰਫ਼ ਜੰਮੀ ਹੋਈ ਹੈ, ਜਿਸ ਵਿੱਚੋਂ ਬਰਫ਼ ਕੱਟ ਕੇ ਰਸਤਾ ਬਣਾਇਆ ਗਿਆ ਹੈ। ਨਵੀਂ ਬਰਫ਼ਬਾਰੀ ਕਾਰਨ ਇੱਥੇ ਤਿਲਕਣ ਪੈਦਾ ਹੋ ਗਈ ਸੀ, ਜਿਸ ਕਾਰਨ ਕੁਝ ਸਮੇਂ ਲਈ ਯਾਤਰਾ ਰੋਕੀ ਗਈ ਸੀ।

ਉਨ੍ਹਾਂ ਦੱਸਿਆ ਕਿ 18 ਜੂਨ ਨੂੰ 5 ਹਜ਼ਾਰ ਤੋਂ ਵੱਧ ਸ਼ਰਧਾਲੂ ਗੁਰਦੁਆਰਾ ਗੋਬਿੰਦਧਾਮ ਤੋਂ ਸ੍ਰੀ ਹੇਮਕੁੰਟ ਸਾਹਿਬ ਵਿਖੇ ਨਤਮਸਤਕ ਹੋਣ ਲਈ ਰਵਾਨਾ ਹੋਏ ਸਨ, ਇਨ੍ਹਾਂ ਵਿੱਚੋਂ ਚਾਰ ਹਜ਼ਾਰ ਤੋਂ ਵੱਧ ਸ਼ਰਧਾਲੂ ਸ੍ਰੀ ਹੇਮਕੁੰਟ ਸਾਹਿਬ ਪੁੱਜ ਗਏ ਸਨ। ਤਾਜ਼ਾ ਬਰਫ਼ਬਾਰੀ ਨੂੰ ਦੇਖਦਿਆਂ ਇੱਥੇ ਤਾਇਨਾਤ ਸੁਰੱਖਿਆ ਬਲਾਂ ਨੇ ਬਾਕੀ ਰਹਿ ਗਏ ਲਗਪਗ ਇੱਕ ਹਜ਼ਾਰ ਯਾਤਰੀਆਂ ਨੂੰ ਗੁਰਦੁਆਰਾ ਗੋਬਿੰਦਧਾਮ ਵਿਖੇ ਹੀ ਰੋਕਣ ਦੇ ਆਦੇਸ਼ ਦਿੱਤੇ ਸਨ।

ਇਹ ਯਾਤਰੀ ਅਗਲੇ ਦਿਨ 19 ਜੂਨ ਨੂੰ ਦਰਸ਼ਨ ਕਰਨ ਲਈ ਰਵਾਨਾ ਹੋ ਗਏ ਸਨ। ਉਨ੍ਹਾਂ ਦੱਸਿਆ ਕਿ ਹੁਣ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਨਿਰੰਤਰ ਜਾਰੀ ਹੈ। ਹੁਣ ਤਕ ਇਕ ਲੱਖ 15 ਹਜ਼ਾਰ ਸ਼ਰਧਾਲੂ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰ ਚੁੱਕੇ ਹਨ।