ਚੰਡੀਗੜ੍ਹ: ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਤੇ ਸਕੱਤਰ ਜਨਰਲ ਮਨਜਿੰਦਰ ਸਿੰਘ ਸਿਰਸਾ ਸਮੇਤ ਸਾਰੇ 15 ਅਹੁਦੇਦਾਰਾਂ ਨੇ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਕਮੇਟੀ ਉੱਪਰ ਇਲਜ਼ਾਮ ਲੱਗਣ ਤੋਂ ਬਾਅਦ ਸਾਰੇ ਅਹੁਦੇਦਾਰਾਂ ਨੇ ਅਸਤੀਫ਼ੇ ਦੇਣ ਦਾ ਫੈਸਲਾ ਕੀਤਾ ਹੈ। ਹੁਣ, ਆਉਣ ਵਾਲੀ 27-30 ਦਸੰਬਰ ਤਕ ਕਾਰਜਕਾਰਨੀ ਚੋਣਾਂ ਕਰਵਾਉਣ ਲਈ ਚੋਣ ਕਮਿਸ਼ਨ ਨੂੰ ਅਪੀਲ ਵੀ ਕਰ ਦਿੱਤੀ ਹੈ। ਕੀ ਹੈ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ? ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਇੱਕ ਖੁਦਮੁਖਤਿਆਰ ਸੰਸਥਾ ਹੈ ਜੋ ਦਿੱਲੀ ਰਾਜ ਦੇ ਗੁਰਦੁਆਰਿਆਂ ਦਾ ਪ੍ਰਬੰਧ ਦੇਖਦੀ ਹੈ। DSGMC ਦਿੱਲੀ ਵਿੱਚ ਕਈ ਵਿਦਿਅਕ ਸੰਸਥਾਵਾਂ, ਹਸਪਤਾਲਾਂ, ਬੁਢਾਪਾ ਘਰਾਂ, ਲਾਇਬ੍ਰੇਰੀਆਂ ਤੇ ਹੋਰ ਚੈਰੀਟੇਬਲ ਸੰਸਥਾਵਾਂ ਵੀ ਚਲਾਉਂਦੀ ਹੈ। 1971 ਵਿੱਚ, ਭਾਰਤ ਸਰਕਾਰ ਨੇ ਪ੍ਰਬੰਧਨ ਨੂੰ ਇੱਕ ਆਰਡੀਨੈਂਸ ਰਾਹੀਂ ਪੰਜ ਮੈਂਬਰੀ ਗੁਰਦੁਆਰਾ ਬੋਰਡ ਦੀ ਮਾਨਤਾ ਦਿੱਤੀ ਸੀ। ਸੰਸਦ ਵੱਲੋਂ ਪਾਸ ਆਰਡੀਨੈਂਸ ਦੀ ਥਾਂ ਦਿੱਲੀ ਸਿੱਖ ਗੁਰਦੁਆਰਾ ਐਕਟ 1971 ਬਣਾਇਆ ਗਿਆ ਜਿਸ 'ਚ ਚੋਣ ਸਿੱਖ ਵੋਟਰ ਵੱਲੋਂ ਕੀਤੀ ਜਾਂਦੀ ਸੀ। 1974 'ਚ ਚੋਣਾਂ ਸਰਕਾਰੀ ਅਥਾਰਟੀ ਦੀ ਦੇਖਰੇਖ ਹੇਠ ਹੋਈਆਂ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ 'ਚ ਆਈ। DSGMC ਦੀਆਂ ਹਰ ਚਾਰ ਸਾਲ ਬਾਅਦ ਚੋਣਾਂ ਹੁੰਦੀਆਂ ਹਨ।