ਵੈਨਕੂਵਰ: ਚੀਨੀ ਸਮਾਰਟਫ਼ੋਨ ਕੰਪਨੀ ਹੁਆਵੇ ਦੀ ਕੌਮਾਂਤਰੀ ਮੁਖੀ ਮੇਂਗ ਵਾਂਗਜ਼ੂ ਪਹਿਲੀ ਦਸੰਬਰ ਨੂੰ ਕੈਨੇਡਾ ਦੇ ਵੈਨਕੂਵਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਵਾਂਗਜ਼ੂ ਨੂੰ ਕੁਝ ਹੀ ਸਮੇਂ ਬਾਅਦ ਅਮਰੀਕਾ ਹਵਾਲੇ ਕੀਤਾ ਜਾਵੇਗਾ। ਰਾਇਟਰਜ਼ ਮੁਤਾਬਕ ਸੀਈਓ ਨੇ ਈਰਾਨ ਵਿਰੁੱਧ ਲਾਗੂ ਅਮਰੀਕੀ ਪਾਬੰਦੀਆਂ ਦੀ ਉਲੰਘਣਾ ਕੀਤੀ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

ਹਾਲਾਂਕਿ, ਸਥਾਨਕ ਕਾਨੂੰਨ ਵਿਭਾਗ ਨੇ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ ਪਰ ਇਹ ਸਾਫ਼ ਨਹੀਂ ਕੀਤਾ ਕਿ ਮੇਂਗ ਵਾਂਗਜ਼ੂ ਵਿਰੁੱਧ ਕਿਸ ਤਰ੍ਹਾਂ ਦੇ ਇਲਜ਼ਾਮ ਹਨ। ਉੱਧਰ, ਚੀਨ ਨੇ ਆਪਣੇ ਦੇਸ਼ ਦੀ ਵੱਡੀ ਕਾਰੋਬਾਰੀ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਚੁੱਕੀ ਹੈ।

ਉੱਧਰ, ਮੇਂਗ ਦੀ ਗ੍ਰਿਫ਼ਤਾਰੀ ਨਾਲ ਅਮਰੀਕਾ ਅਤੇ ਚੀਨ ਦੇ ਸਬੰਧਾਂ ਵਿੱਚ ਤਰੇੜ ਹੋਰ ਵਧ ਸਕਦੀ ਹੈ। ਹਾਲ ਹੀ ਵਿੱਚ ਦੋਵੇਂ ਦੇਸ਼ਾਂ ਦੇ ਰਾਸ਼ਟਰਪਤੀ ਜੀ-20 ਸੰਮੇਲਨ ਵਿੱਚ ਮਿਲੇ ਸਨ ਤੇ ਟ੍ਰੇਡ ਵਾਰ ਨੂੰ ਤਿੰਨ ਮਹੀਨੇ ਟਾਲਣ ਲਈ ਸਹਿਮਤੀ ਦੇ ਦਿੱਤੀ ਸੀ।

ਖ਼ਬਰ ਏਜੰਸੀ ਮੁਤਾਬਕ ਅਮਰੀਕੀ ਸੰਸਥਾਵਾਂ ਪਿਛਲੇ ਦੋ ਸਾਲਾਂ ਤੋਂ ਹੁਆਵੇ ਵਿਰੁੱਧ ਜਾਂਚ ਕਰ ਰਹੀਆਂ ਸਨ। ਅਮਰੀਕਾ ਦੇ ਇਲਜ਼ਾਮ ਹਨ ਕਿ ਹੁਆਵੇ ਅਮਰੀਕੀ ਪ੍ਰੋਡਕਟਸ ਨੂੰ ਈਰਾਨ ਭੇਜਦਾ ਹੈ, ਜੋ ਅਮਰੀਕੀ ਬਰਾਮਦ ਤੇ ਪਾਬੰਦੀ ਕਾਨੂੰਨ ਦੀ ਉਲੰਘਣਾ ਹੈ।