ਜਬਰ ਤੇ ਜ਼ੁਲਮ ਖ਼ਿਲਾਫ਼ ਪੈਗ਼ਾਮ ਦੇਣ ਵਾਲੀ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਜਿੱਥੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਤਪ ਕੀਤਾ। ਇਸ ਧਰਤੀ ਨੂੰ ਸਾਹਿਬਜ਼ਾਦਿਆਂ ਦੀ ਜਨਮ ਭੂਮੀ ਹੋਣ ਦਾ ਮਾਣ ਪ੍ਰਾਪਤ ਹੈ। ਇੱਥੇ ਡੁੱਬਦੇ ਧਰਮ ਨੂੰ ਬਚਾਉਣ ਲਈ ਕਸ਼ਮੀਰੀ ਪੰਡਿਤਾਂ ਨੇ ਫਰਿਆਦ ਕੀਤੀ। ਐਸੀ ਮਹਾਨ ਧਰਤੀ ਦਾ ਚੱਪਾ-ਚੱਪਾ ਵੀ ਮਹਾਨ ਹੈ।
ਗੁਰਦੁਅਰਾ ਗੁਰੂ ਕੇ ਮਹਿਲ ਵਿਖੇ ਉਹ ਪਾਵਨ ਅਸਥਾਨ ਸੁਭਾਇਮਾਨ ਹੈ ਜਿੱਥੇ ਚਾਰ ਸਾਹਿਬਜ਼ਾਦਿਆਂ ਵਿੱਚੋਂ ਤਿੰਨ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਿਹ ਸਿੰਘ ਜੀ ਦਾ ਜਨਮ ਹੋਇਆ। ਇਤਿਹਾਸ ਮੁਤਾਬਕ ਸਾਹਿਬਜ਼ਾਦਾ ਅਜੀਤ ਸਿੰਘ ਦਾ ਜਨਮ ਪਉਂਟਾ ਸਾਹਿਬ ਵਿਖੇ ਹੋਇਆ ਸੀ।
ਇਸੇ ਤਰ੍ਹਾਂ ਨਾਲ ਹੀ ਸੁਭਾਇਮਾਨ ਹੈ ਗੁਰਦੁਆਰਾ ਦਮਦਮਾ ਸਾਹਿਬ ਜਿੱਥੇ ਜਿੱਥੇ ਨੌਵੇ ਪਾਤਸ਼ਾਹ ਨੇ ਆਪਣੀ ਸ਼ਹਾਦਤ ਤੋਂ ਪਹਿਲਾਂ ਭਾਈ ਉਦੈ ਜੀ ਤੇ ਭਾਈ ਗੁਰਦਿੱਤਾ ਜੀ ਨੂੰ ਪੰਜ ਪੈਸੇ ਤੇ ਨਾਰੀਅਲ ਭੇਜ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰੂ ਥਾਪਿਆ।