ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਜੀ ਦਾ ਵਿੱਛੜਿਆ ਸੀ ਸਾਰਾ ਪਰਿਵਾਰ
ਅੱਜ ਇਸ ਅਸਥਾਨ 'ਤੇ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਦੀ ਸ਼ਾਨਦਾਰ ਇਮਾਰਤ ਸੁਸ਼ੋਭਿਤ ਹੈ, ਜੋ ਗੁਰੂ ਜੀ, ਉਨ੍ਹਾਂ ਦੇ ਪਰਿਵਾਰ ਦੇ ਨਾਲ-ਨਾਲ ਅਨੇਕਾਂ ਸਿੰਘਾਂ ਦੇ ਇਤਿਹਾਸ ਪ੍ਰਤੀ ਗਵਾਹੀ ਭਰਦੀ ਹੈ। ਕੁਰਬਾਨੀਆਂ ਭਰੇ ਇਤਿਹਾਸ ਸਬੰਧੀ ਸਰਸਾ ਨੰਗਲ ਸਥਿਤ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਵਿਖੇ ਹਰੇਕ ਵਰ੍ਹੇ ਸ਼ਹੀਦੀ ਜੋੜ ਮੇਲ ਭਰਦਾ ਹੈ।
ਇੱਥੇ ਹੀ ਮੁਗ਼ਲ ਫ਼ੌਜਾਂ ਨੇ ਗੁਰੂ ਜੀ ਨਾਲ ਵਾਅਦਾ-ਖਿਲਾਫ਼ੀ ਕਰਕੇ ਜੰਗ ਲੜੀ ਸੀ। ਇਸ ਭਗਦੜ 'ਚ ਜਦੋਂ ਗੁਰੂ ਜੀ ਦੇ ਪਰਿਵਾਰ ਤੇ ਅਨੇਕਾਂ ਸਿੰਘਾਂ ਦੇ ਕਾਫ਼ਲੇ ਨੇ ਸ਼ੂਕਦੀ ਸਰਸਾ ਨਦੀ ਨੂੰ ਪਾਰ ਕੀਤਾ ਤਾਂ ਗੁਰੂ ਜੀ ਦੀਆਂ ਬਹੁਮੁੱਲੀਆਂ ਲਿਖਤਾਂ ਤੇ ਬਹੁਮੁੱਲੀਆਂ ਵਸਤਾਂ ਆਦਿ ਇਸ ਨਦੀ ਦੇ ਤੇਜ਼ ਵਹਾਅ ਦੀ ਭੇਟ ਚੜ੍ਹ ਗਏ।
ਇਸ ਵਿਛੋੜੇ ਉਪਰੰਤ ਹੀ ਸ੍ਰੀ ਚਮਕੌਰ ਸਾਹਿਬ ਤੇ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਖ਼ੂਨੀ ਇਤਿਹਾਸ ਬਣੇ ਇਤਿਹਾਸ ਮੁਤਾਬਕ 6 ਤੇ 7 ਪੋਹ, ਬਿਕਰਮੀ 1761 ਦੀ ਵਿਚਕਾਰਲੀ ਰਾਤ ਨੂੰ ਗੁਰੂ ਜੀ ਪਰਿਵਾਰ ਤੇ ਅਨੇਕਾਂ ਸਿੰਘਾਂ ਸਮੇਤ ਇਸ ਮੁਕਾਮ 'ਤੇ ਬਿਰਾਜੇ ਸਨ।
ਇਕ ਪਾਸੇ ਰਸੋਈਆ ਗੰਗੂ ਬ੍ਰਾਹਮਣ, ਮਾਤਾ ਗੁਜ਼ਰੀ ਜੀ ਤੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ, ਸਾਹਿਬਜ਼ਾਦਾ ਫ਼ਤਿਹ ਸਿੰਘ ਜੀ ਸਨ। ਦੂਸਰੇ ਪਾਸੇ ਗੁਰੂ ਜੀ ਨਾਲ ਸਾਹਿਬਜ਼ਾਦਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਜੁਝਾਰ ਸਿੰਘ ਜੀ ਸਮੇਤ ਕਈ ਸਿੰਘ ਸਨ।
ਉਸ ਵਕਤ ਮੌਜੂਦਾ ਇਸ ਪਵਿੱਤਰ ਅਸਥਾਨ ਨੇੜਿਉਂ ਵਗਦੀ ਸਰਸਾ ਨਦੀ ਦੇ ਠੰਢੇ-ਸ਼ੀਤ ਪਾਣੀਆਂ ਦੀ ਬੁੱਕਲ 'ਚ ਕਿਧਰੇ ਇਤਿਹਾਸ ਛੁਪਿਆ ਸੀ, ਜਦੋਂ ਗੁਰੂ ਜੀ, ਉਨ੍ਹਾਂ ਦਾ ਪਰਿਵਾਰ ਤੇ ਸਿੰਘ ਸੂਰਮੇ ਇਸ ਸਰਸਾ ਨਦੀ ਨੂੰ ਪਾਰ ਕਰਦਿਆਂ ਇੱਕ-ਦੂਸਰੇ ਤੋਂ ਵਿਛੜ ਗਏ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਉਨ੍ਹਾਂ ਦੇ ਪਰਿਵਾਰ ਨੇ ਮੁਗ਼ਲਾਂ ਨਾਲ ਹੋਈ ਸੰਧੀ ਮਗਰੋਂ ਜਿਹੜਾ ਕੁਰਬਾਨੀਆਂ ਭਰਿਆ ਇਤਿਹਾਸ ਸਿਰਜਿਆ, ਅਸਲ 'ਚ ਉਸ ਦੀ ਸ਼ੁਰੂਆਤ ਸਰਸਾ ਨੰਗਲ ਸਥਿਤ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਤੋਂ ਹੀ ਹੁੰਦੀ ਹੈ।